ਪੁੱਤ ਕਪੁੱਤ ਹੋ ਜਾਂਦੇ ਹਨ, ਮਾਪੇ ਕੁਮਾਪੇ ਨਹੀਂ ਹੁੰਦੇ
ਪੁੱਤ ਮਾਪਿਆਂ ਸਬੰਧੀ ਆਪਣੇ ਫਰਜ਼ ਭੁੱਲ ਸਕਦੇ ਹਨ, ਪਰ ਮਾਪੇ ਪੁੱਤਾਂ ਸਬੰਧੀ ਆਪਣੇ ਫਰਜ਼ਾਂ ਤੋਂ ਕਦੇ ਪਿਛਾਂਹ ਨਹੀਂ ਹਟਦੇ।
ਬਦ ਨਾਲੋਂ ਬਦਨਾਮ ਬੁਰਾ
ਬੁਰਾ ਕੰਮ ਕਰਨ ਨਾਲੋ ਝੂਠੀ ਊਜ ਲਗਣੀ ਜਿਆਦਾ ਬੁਰੀ ਹੁੰਦੀ ਹੈ।
ਨੀਮ ਹਕੀਮ ਖ਼ਤਰਾ-ਏ-ਜਾਨ
ਨਾ ਤਜ਼ਰਬੇਕਾਰ ਜਾਂ ਬੇਇਲਮ ਬੰਦੇ ਪਾਸੋਂ ਕੁਝ ਵੀ ਲੈਣਾ/ ਹਾਸਿਲ ਕਰਨਾ ਖ਼ਤਰਨਾਕ ਹੋ ਸਕਦਾ ਹੈ।
ਪੜ੍ਹੇ ਨਾ ਲਿਖੇ, ਨਾਂ ਵਿਦਿਆ ਸਾਗਰ
ਜਦ ਕੋਈ ਅਸਲ ਵਿਚ ਮਾੜਾ ਤੇ ਗੁਣਹੀਣ ਹੋਵੇ, ਪਰ ਚੰਗਾ ਤੇ ਗੁਣਵਾਨ ਬਣ-ਬਣ ਬਹੇ ਤੇ ਫੜ੍ਹਾਂ ਮਾਰੇ, ਤਾਂ ਕਹਿੰਦੇ ਹਨ।
ਪੇਕੇ ਮਾਵਾਂ ਨਾਲ, ਮਾਣ ਭਰਾਵਾਂ ਨਾਲ
ਮਾਂ ਅਤੇ ਭਰਾ ਦੀ ਮਹੱਤਤਾ ਦਾ ਸੰਕੇਤ ਹੈ।
ਬਲਦਾਂ ਦੇ ਚੋਰੀ ਹੋਣ ਪਿੱਛੋਂ ਜੰਦਰਾ ਲਾਉਣ ਦਾ ਕੀ ਲਾਭ
ਘਟਨਾ ਪਿੱਛੋਂ ਤਾਂ ਸਾਰੇ ਹੀ ਸਿਆਣੇ ਹੋ ਜਾਂਦੇ ਹਨ।
ਨੈਂ ਲੰਘੀ, ਖ਼ੁਆਜਾ ਵਿੱਸਰਿਆ
ਕੋਠਾ ਉੱਸਰਿਆ ਤਰਖਾਣ ਵਿੱਸਰਿਆ।
ਪੱਗ ਵੇਚ ਕੇ ਘਿਓ ਨਹੀ ਖਾਈਦਾ
ਆਪਣਾ ਵਿੱਤ ਦੇਖ ਕੇ ਖ਼ਰਚ ਕਰਨਾ ਚਾਹੀਦਾ ਹੈ।
ਪੇਟ ਨਰਮ ਸਿਰ ਗਰਮ
ਚੰਗੀ ਸਿਹਤ ਦੀ ਨਿਸ਼ਾਨੀ ਦਾ ਸੰਕੇਤ।
ਬੱਕਰੀ ਆਪਣੀ ਜਾਨੋਂ ਵੀ ਗਈ, ਖਾਣ ਵਾਲੇ ਨੂੰ ਸੁਆਦ ਨਾ ਆਇਆ
ਜਦੋਂ ਇਕ ਜਣਾ ਤਾਂ ਬੜਾ ਔਖਾ ਹੋ ਕੇ, ਕੁਰਬਾਨੀ ਕਰ ਕੇ, ਦੂਜੇ ਦਾ ਕੰਮ ਸੁਆਰਨ ਦਾ ਯਤਨ ਕਰੇ, ਪਰ ਉਹ ਅੱਗੋਂ ਕੀਤੇ ਦੀ ਕਦਰ ਨਾ ਪਾਵੇ, ਤਾਂ ਕਹਿੰਦੇ ਹਨ।