ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀ ਜਾਣੇ
ਕਿਸੇ ਦੇ ਦਿਲ ਦੀ ਥਾਹ ਪਾਉਣਾ ਔਖਾ ਹੁੰਦਾ ਹੈ।
ਧੇਲੇ ਦੀ ਬੁੱਢੀ, ਟਕਾ ਸਿਰ ਮੁਨਾਈ (ਗੁੰਦਾਈ)
ਜਦੋਂ ਕਿਸੇ ਨਿਕੰਮੀ ਚੀਜ਼ ਨੂੰ ਸ਼ਿੰਗਾਰਨ ਸੁਆਰਨ ਲਈ ਬਹੁਤਾ ਖਰਚ ਕਰਨਾ ਪਵੇ ।
ਨਾ ਰੂਹ ਨਾ ਰਹਿਮਤ
ਜਿਸਦੀ ਨਾ ਸ਼ਕਲ ਸੂਰਤ ਚੰਗੀ ਹੋਵੇ ਤੇ ਨਾ ਹੀ ਸੁਭਾਅ।
ਦੀਵੇ ਥੱਲੇ ਹਨੇਰਾ
ਜਦ ਕਿਸੇ ਅਫਸਰ ਦੇ ਸਾਹਮਣੇ ਹੀ ਕੋਈ ਬੇ-ਈਮਾਨੀ ਕਰੇ ਤੇ ਅਫਸਰ ਨੂੰ ਪਤਾ ਨਾ ਲੱਗੇ, ਤਾਂ ਕਹਿੰਦੇ ਹਨ।
ਧੋਤੇ ਮੂੰਹ ਚਪੇੜ ਪਈ
ਜਦ ਕੋਈ ਬੰਦਾ ਕਿਸੇ ਸ਼ੈ ਦੀ ਬਹੁਤ ਆਸ ਲਾ ਬੈਠੇ ਤੇ ਉਹਨੂੰ ਲੈਣ ਵਰਤਣ ਦੀ ਤਿਆਰੀ ਕਰ ਬੈਠੇ, ਪਰ ਐਨ ਵੇਲੇ ਤੇ ਉਹਨੂੰ ਨਿਰਾਸ ਹੋਣਾ ਪਵੇ, ਤਾਂ ਕਹਿੰਦੇ ਹਨ।
ਨ੍ਹਾਤੀ ਧੋਤੀ ਰਹਿ ਗਈ, ਮੂੰਹ ਤੇ ਮੱਖੀ ਬਹਿ ਗਈ
ਧੋਤੇ ਮੂੰਹ ਤੇ ਚਪੇੜ ਪਈ।
ਦੁੱਧ ਤੇ ਬੁੱਧ ਫਿਟਦਿਆਂ ਦੇਰ ਨਹੀਂ ਲੱਗਦੀ
ਦਿਮਾਗ਼ ਦੇ ਬੁਰੇ ਪਾਸੇ ਲੱਗਦੇ ਦਾ ਪਤਾ ਨਹੀ ਲੱਗਦਾ।
ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ
ਜਦ ਕੋਈ ਜਣਾ ਕਦੇ ਇਸ ਪਾਸੇ ਹੋਵੇ ਤੇ ਕਦੇ ਉਸ ਪਾਸੇ, ਕਦੇ ਇਕ ਥਾਂ ਜਾਵੇ ਤੇ ਕਦੀ ਦੂਜੇ ਥਾਂ, ਪਰ ਟਿਕੇ ਕਿਤੇ ਵੀ ਨਾ, ਤਾਂ ਉਹ ਦੋਹਾਂ ਪਾਸਿਆਂ ਤੋਂ ਰਹਿ ਜਾਂਦਾ ਹੈ ।
ਨਮਾਜ਼ ਬਖ਼ਸਾਉਣ ਗਏ ਗਲ਼ ਰੋਜ਼ੇ ਪਾਏ
ਜਦੋਂ ਇਕ ਔਕੜ ਵਿੱਚੋ ਨਿਕਲਣ ਲਈ ਯਤਨ ਕਰਨ ਤੇ ਉਲਟੀ ਹੋਰ ਬਿਪਤਾ ਗਲ ਪੈ ਜਾਵੇ।
ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ
ਜਦ ਕੋਈ ਕੰਮ ਕਸੂਤਾ ਹੋ ਜਾਵੇ, ਪਰ ਮਮੂਲੀ ਯਤਨਾਂ ਨਾਲ ਸੂਤ ਹੋ ਸਕਦਾ ਹੋਵੇ, ਤਾਂ ਕਹਿੰਦੇ ਹਨ।