ਲੜਨ ਫ਼ੌਜਾਂ ਨਾਂ ਸਰਦਾਰਾਂ ਦਾ
ਜਦੋਂ ਕੰਮ ਕੋਈ ਹੋਰ ਕਰੇ ਤੇ ਨਾਂ ਕਿਸੇ ਹੋਰ ਦਾ ਹੋਵੇ, ਓਦੋਂ ਵਰਤਿਆ ਜਾਂਦਾ ਹੈ।
ਵੱਡੀਆਂ ਮੱਛੀਆਂ ਛੋਟੀਆਂ ਨੂੰ ਖਾ ਜਾਂਦੀਆਂ ਹਨ
ਤਕੜੇ ਤੇ ਧਨਾਢ ਆਦਮੀ ਮਾੜੇ ਤੇ ਗ਼ਰੀਬ ਆਦਮੀਆਂ ਨੂੰ ਲੁੱਟ ਕੇ ਖਾ ਜਾਂਦੇ ਹਨ।
ਲੰਮੀ ਜੀਭ ਤੇ ਛੇਤੀ ਮੌਤ
ਜਦ ਕੋਈ ਐਵੇਂ ਵਾਧੂ ਘਾਟੂ ਗੱਲਾਂ ਕਰੀ ਜਾਵੇ ਅਤੇ ਅਜੇਹੇ ਸੁਭਾ ਦੇ ਕਾਰਨ ਦੁਖੀ ਹੋਵੇ ਤਾਂ ਕਹਿੰਦੇ ਹਨ।
ਵੰਝਲੀ ਦਾ ਕੀ ਵਜਾਉਣਾ, ਮੂੰਹ ਹੀ ਵਿੰਗਾ ਕਰਨਾ ਹੈ
ਜਦ ਕੋਈ ਆਦਮੀ ਕਿਸੇ ਔਖੇ ਕੰਮ ਬਾਰੇ ਆਖੇ ਕਿ ਇਹ ਬੜਾ ਸੌਖਾ ਹੈ, ਉਹਨੂੰ ਮਖੌਲ ਵਜੋਂ ਕਹਿੰਦੇ ਹਨ।
ਲਾਗੀਆਂ ਨੇ ਲਾਗ ਲੈਣਾ ਏ, ਭਾਵੇਂ ਜਾਂਦੀ ਹੀ ਰੰਡੀ ਹੋ ਜਾਵੇ
ਜਿਸ ਨੇ ਮਿਹਨਤ ਕਰਕੇ ਕਿਸੇ ਲਈ ਕੋਈ ਸ਼ੈ ਤਿਆਰ ਕੀਤੀ ਜਾਂ ਲਿਆਂਦੀ ਹੋਵੇ, ਉਹਨੇ ਤਾਂ ਆਪਣੀ ਮਜੂਰੀ ਲੈ ਹੀ ਲੈਣੀ ਹੈ, ਉਹ ਚੀਜ਼ ਮਾਲਕ ਦੇ ਭਾਵੇਂ ਕੰਮ ਆਵੇ ਤੇ ਭਾਵੇਂ ਨਾ ਆਵੇ।
ਵੰਡ ਖਾਵੇ ਖੰਡ ਖਾਵੇ
ਇਸ ਅਖ਼ਾਣ ਵਿਚ ਵੰਡ ਖਾਣ ਦੀ ਮਹੱਤਤਾ ਨੂੰ ਦਰਸਾਇਆ ਹੈ।
ਲਾਜ ਮਰੇਂਦਾ ਅੰਦਰ ਵੜੇ, ਮੂਰਖ ਆਖੇ ਮੈਥੋਂ ਡਰੇ
ਜਦ ਕੋਈ ਕੁਪੱਤਾ ਮੂਰਖ ਆਦਮੀ ਕਿਸੇ ਸਾਊ ਬੰਦੇ ਨੂੰ ਸਤਾਵੇ, ਅਤੇ ਉਹ ਅੱਗੋਂ ਆਪਣੀ ਇੱਜ਼ਤ ਦਾ ਖਿਆਲ ਕਰਕੇ ਚੁੱਪ ਰਹੇ, ਤੇ ਇਹ ਵੇਖ ਕੇ ਮੂਰਖ ਹੋਰ ਵੀ ਮੱਛਰ ਜਾਵੇ, ਤਾਂ ਕਹਿੰਦੇ ਹਨ।
ਵਾਹ ਕਰਮਾਂ ਦਿਆ ਬਲੀਆ, ਰਿੱਧੀ ਖੀਰ ਤੇ ਹੋ ਗਿਆ ਦਲੀਆ
ਜਦ ਕੋਈ ਜਤਨ ਚੰਗੇ ਫਲ ਲਈ ਕਰੇ, ਪਰ ਮਿਲੇ ਉਹਨੂੰ ਘਟੀਆ, ਤਾਂ ਕਹਿੰਦੇ ਹਨ।
ਲਾਠੀ ਮਾਰਿਆਂ ਪਾਣੀ ਦੋ ਨਹੀਂ ਹੁੰਦੇ
ਨਹੁੰਆਂ ਨਾਲੋਂ ਮਾਸ ਵੱਖ ਨਹੀਂ ਹੁੰਦਾ ।
ਵਾਹ ਪਿਆ ਜਾਣੀਏਂ ਜਾਂ ਰਾਹ ਪਿਆ ਜਾਣੀਏਂ ( ਰਾਹ ਪਿਆ ਜਾਣੀਏਂ ਜਾਂ ਵਾਹ ਪਿਆ ਜਾਣੀਏਂ)
ਕਿਸੇ ਨਾਲ ਵਰਤ ਕੇ ਹੀ ਉਸ ਦੇ ਚੰਗੇ ਮਾੜੇ ਸੁਭਾਅ ਦਾ ਪਤਾ ਲੱਗ ਸਕਦਾ ਹੈ।