ਜਦ ਤਕ ਸਾਸ ਤਦ ਤੱਕ ਆਸ
ਜਦ ਤਕ ਸੁਆਸ ਆਉਦੇ ਹਨ, ਬਚ ਜਾਣ ਦੀ ਆਸ ਬਣੀ ਰਹਿੰਦੀ ਹੈ।
ਜੱਟ, ਪੱਟ (ਵੱਟ) ਤੇ ਫੱਟ ਬੱਧੇ ਹੀ ਕਾਬੂ (ਰਾਸ) ਆਉਂਦੇ ਨੇ
ਖੇਤ ਦੀ ਵੱਟ ਨਾ ਬੰਨ੍ਹੀਏ ਤਾਂ ਪਾਣੀ ਬਾਹਰ ਵਗ ਜਾਂਦਾ ਹੈ। ਫੱਟ ਤੇ ਪੱਟੀ ਨਾ ਬੰਨ੍ਹੀਏ ਤਾਂ ਖ਼ਰਾਬ ਹੋ ਜਾਂਦਾ ਹੈ, ਰੇਸ਼ਮ ਨੂੰ ਵੀ ਬੰਨ੍ਹ ਕੇ ਨਾ ਰੱਖਿਆ ਜਾਏ ਤਾਂ ਉਲਝ ਜਾਂਦਾ ਹੈ ਤੇ ਜੱਟ ਵੀ (ਕਹਿੰਦੇ ਨੇ) ਬੱਧਾ ਹੀ ਠੀਕ ਰਹਿੰਦਾ ਹੈ।
ਜਾਗਦੇ ਦਾ ਲੱਖ ਤੇ ਸੁੱਤੇ ਦਾ ਕੱਖ
ਜਿਹੜੇ ਆਦਮੀ ਹੁਸ਼ਿਆਰ ਤੇ ਸੋਘੇ ਰਹਿੰਦੇ ਹਨ, ਆਪਣੇ ਕਾਰ-ਵਿਹਾਰ ਦਾ ਆਪ ਧਿਆਨ ਰੱਖਦੇ ਹਨ, ਉਹ ਨਫੇ ਵਿਚ ਰਹਿੰਦੇ ਹਨ,ਜਿਹੜੇ ਅਣਗਹਿਲੀ ਕਰਦੇ ਹਨ, ਉਹ ਨੁਕਸਾਨ ਉਠਾਉਂਦੇ ਹਨ।
ਜਿਹੜੇ ਇੱਥੇ ਭੈੜੇ ਉਹ ਲਾਹੌਰ ਵੀ ਭੈੜੇ
ਬੰਦੇ ਦੀ ਬੁਰਾਈ ਉਸ ਦੇ ਹਮੇਸ਼ਾ ਨਾਲ ਹੀ ਰਹਿੰਦੀ ਹੈ।
ਜਦੋਂ ਦੇ ਜੰਮੇ ਲਾਲ ਓਦੋਂ ਦਾ ਇਹੋ ਹਾਲ
ਜਦੋਂ ਕੋਈ ਮਨੁੱਖ ਆਪਣੀਆਂ ਆਦਤਾਂ ਸੁਧਾਰੇ, ਬਾਰ ਬਾਰ ਗ਼ਲਤੀਆਂ ਕਰਦਾ ਜਾਏ ਤਾਂ ਵਰਤਦੇ ਹਨ।
ਜੱਟ ਪੰਜ ਨਹੀਂ ਸਹਿੰਦਾ, ਪੰਜਾਹ ਸਹਿ ਲੈਂਦਾ ਹੈ
ਇਸ ਅਖਾਣ ਵਿਚ ਜੱਟ ਦੇ ਅਲਬੇਲੇ ਸੁਭਾਅ ਦਾ ਜ਼ਿਕਰ ਹੈ। ਝੱਲ ਜਾਏ ਤਾਂ ਸੌ ਗੱਲਾਂ ਝੱਲ ਜਾਏ ਤੇ ਅੜ ਬਹੇ ਤਾਂ ਇਕ ਵੀ ਨਹੀਂ ਝੱਲਦਾ।
ਜਾਤ ਦੀ ਕੋਹੜ ਕਿਰਲੀ, ਸ਼ਤੀਰਾਂ ਨੂੰ ਜੱਫੇ
ਜਦੋਂ ਕੋਈ ਆਪਣੇ ਵਿਤੋਂ ਵੱਡਾ ਕੰਮ ਕਰੇ ।
ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਫਾੜ ਕੇ ਦਿੰਦਾ ਹੈ
ਜਦੋਂ ਉਮੀਦ ਤੋਂ ਵੱਧ ਕੋਈ ਚੀਜ਼ ਮਿਲੇ ਤਾਂ ਵਰਤਦੇ ਹਨ।
ਜੱਟ ਫ਼ਕੀਰ ਗਲ ਗੰਢਿਆਂ ਦੀ ਮਾਲਾ
ਇਸ ਅਖਾਣ ਵਿਚ ਜੱਟ ਦੀ ਸਾਦਗੀ ਵਿਅਕਤ ਕੀਤੀ ਗਈ ਹੈ। ਜਦੋਂ ਉਸ ਦਾ ਦਿਲ ਸਾਧ ਬਣਨ ਤੇ ਆ ਗਿਆ, ਘਰੋਂ ਗੰਢੇ (ਪਿਆਜ਼) ਲੈ ਕੇ ਮਾਲਾ ਬਣਾ ਲਈ, ਕੌਣ ਮਾਲਾ ਲੈਣ ਜਾਏ।
ਜਾਨ ਹੈ ਤਾਂ ਜਹਾਨ ਹੈ
ਕਿਸੇ ਰੋਗੀ ਤੇ ਕਮਜ਼ੋਰ ਬੰਦੇ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣ ਲਈ ਵਧੇਰੀ ਖੇਚਲ ਵਾਲਾ ਕੰਮ ਨਾ ਕਰਨ ਲਈ ਸੁਝਾਉ ਦਿੱਤਾ ਗਿਆ ਹੈ।