ਚੋਰ ਨਾਲੋਂ ਪੰਡ ਕਾਹਲੀ
ਜਦੋਂ ਅਸਲੀ ਬੰਦੇ ਦੀ ਥਾਂ ਕੋਈ ਹੋਰ ਬੰਦਾ ਕਾਹਲੀ ਕਰੇ।
ਘਰੋਂ ਚੂਹੇ ਰੁਸ ਰੁਸ ਜਾਂਦੇ ਬਾਹਰ ਖੜਪੈਂਚ
ਜਿਸ ਦੀ ਘਰ ਵਿਚ ਕੋਈ ਨਾ ਮੰਨਦਾ ਹੋਵੇ ਪਰ ਬਾਹਰ ਲੋਕਾਂ ਨੂੰ ਸਿਖਿਆ ਦੇਂਦਾ ਫਿਰੇ।
ਚੰਦ ਚੜ੍ਹੇ ਗੁੱਝੇ ਨਹੀਂ ਰਹਿੰਦੇ
ਚੰਗੇ ਸ਼ੁਭ ਕੰਮ ਕਰਨ ਵਾਲੇ ਬੰਦੇ ਬਦੋ-ਬਦੀ ਮਸ਼ਹੂਰ ਹੋ ਜਾਂਦੇ ਹਨ।
ਚੋਰ ਨੂੰ ਖਾਂਦੇ ਨਾ ਵੇਖੀਏ, ਕੁੱਟੀਂਦੇ ਨੂੰ ਵੇਖੀਏ
ਚੋਰ ਨੂੰ ਚੋਰੀ ਦਾ ਮਾਲ ਖਾਂਦੇ ਨੂੰ ਨਾ ਵੇਖੀਏ, ਸਗੋਂ ਮਾਰ ਖਾਂਦੇ ਨੂੰ ਵੇਖੀਏ
ਘਰੋਂ ਜਾਈਏ ਖਾ ਕੇ, ਤਾਂ ਬਾਹਰੋਂ ਮਿਲਨ ਪਕਾ ਕੇ, ਜਾਈਏ ਭੁੱਖੇ ਤੇ ਅੱਗੋਂ ਕੋਈ ਨਾ ਪੁੱਛੇ
ਰੱਬ ਰੱਜਿਆਂ ਨੂੰ ਹੀ ਰਜਾਉਂਦਾ ਹੈ। ਜਿਹੜਾ ਹੋਰਨਾਂ ਦੀ ਆਸ ਉੱਤੇ ਘਰੋਂ ਤੁਰ ਪੈਂਦਾ ਹੈ ਅਤੇ ਆਪਣੀ ਸਹਾਇਤਾ ਤੇ ਲੋੜ-ਪੂਰਤੀ ਲਈ ਆਪ ਉੱਦਮ ਨਹੀਂ ਕਰਦਾ, ਉਹਨੂੰ ਨਿਰਾਸ ਹੀ ਹੋਣਾ ਪੈਂਦਾ ਹੈ।
ਚੰਦ ਤੇ ਥੁੱਕਿਆ ਮੂੰਹ ਤੇ ਪੈਂਦਾ ਹੈ
ਸੱਚੇ ਸੁੱਚੇ ਬੰਦੇ ਦੀ ਨਿੰਦਿਆ ਕੀਤਿਆਂ ਉਸ ਦਾ ਕੁਝ ਨਹੀਂ ਵਿਗੜਦਾ, ਸਗੋਂ ਨਿੰਦਕ ਨੂੰ ਹੀ ਨੁਕਸਾਨ ਹੁੰਦਾ ਹੈ, ਉਹਦੀ ਹੀ ਭੰਡੀ ਹੁੰਦੀ ਹੈ।
ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ
ਨੁਕਸਾਨ ਵੱਲ ਦੇਖਣ ਤੋ ਪਹਿਲਾਂ ਨੁਕਸਾਨ ਦੇ ਕਰਨ ਵਾਲੇ ਨੂੰ ਸਮਝਣਾ ਚਾਹੀਦਾ ਹੈ।
ਘੜੀ ਦੇ ਘੁਥਿਆਂ ਸੌ ਕੋਹਾਂ ਤੇ ਜਾ ਪਈਦਾ ਹੈ
ਵੇਲੇ ਤੋਂ ਖੁੰਝ ਜਾਈਏ ਤਾਂ ਬਹੁਤ ਔਖੇ ਹੋਣਾ ਤੇ ਨੁਕਸਾਨ ਝੱਲਣਾ ਪੈਂਦਾ ਹੈ।
ਚੰਦਰਾ ਗਵਾਂਢ ਤੇ ਲਾਈ ਲਗ ਖ਼ਸਮ ਨਾ ਹੋਵੇ
ਭੈੜੇ ਤੇ ਬੇਸਮਝ ਨਾਲ ਵਾਸਤਾ ਨਾ ਹੀ ਪਵੇ ਤਾਂ ਚੰਗਾ ਹੁੰਦਾ ਹੈ।
ਚੋਰਾਂ ਨੂੰ ਕਹਿਣਾ ਲੱਗੋ, ਸਾਧਾਂ ਨੂੰ ਕਹਿਣਾ ਜਾਗੋ
ਜਿਹੜਾ ਆਦਮੀ ਟਾਕਰੇ ਦੇ ਦੋਹੀਂ ਪਾਸੀਂ ਵਗੇ, ਦੋਹਾਂ ਧਿਰਾਂ ਨੂੰ ਸਲਾਹ ਤੇ ਹੱਲਾਸ਼ੇਰੀ ਦੇਵੇ, ਉਸ ਬਾਰੇ ਵਰਤਦੇ ਹਨ।