ਮਰਦੀ ਮਰ ਗਈ ਪਰ ਨਖ਼ਰਾ ਨਹੀਂ ਛੱਡਿਆ
ਜਦੋਂ ਕੋਈ ਬੰਦਾ ਆਰਥਿਕਤਾ ਤੇ ਸਰੀਰ ਪੱਖੋਂ ਬਹੁਤ ਕਮਜ਼ੋਰ ਹੋ ਜਾਵੇ ਪ੍ਰੰਤੂ ਆਪਣੀ ਬਾਹਰੀ ਸ਼ਾਨੋ-ਸ਼ੋਕਤ/ਸ਼ਕਤੀ ਕਾਇਮ ਰਖੇ ਉਦੋਂ ਇਹ ਅਖ਼ਾਣ ਵਰਤਦੇ ਹਨ।
ਮਾਂ ਮੋਈ ਪਿਉ ਪਤਰਿਆ
ਮਾਂ ਦੇ ਮਰਨ ਤੋਂ ਬਾਅਦ ਜਦੋਂ ਪਿਉ ਦਾ ਬੱਚਿਆਂ ਵਲ ਲਗਾਉ ਜਾਂ ਵਤੀਰਾ ਬਦਲ ਜਾਏ ਤਾਂ ਵਰਤਦੇ ਹਨ।
ਯਾਰ ਦੀ ਯਾਰੀ ਵੱਲ ਜਾਈਏ, ਐਬਾਂ ਵੱਲ ਨਾ ਜਾਈਏ
ਮਿੱਤਰਤਾ ਤਾਂ ਹੀ ਬਣੀ ਰਹਿ ਸਕਦੀ ਹੈ, ਜੇ ਮਿੱਤਰ ਦੇ ਐਬਾਂ ਦਾ ਖਿਆਲ ਨਾ ਕਰੀਏ। ਚੰਗੇ ਮਿੱਤਰ ਆਪਣੇ ਮਿੱਤਰਾਂ ਦੇ ਐਬਾਂ ਨੂੰ ਅਣਡਿੱਠਾ ਕਰ ਕੇ ਮਿੱਤਰਤਾ ਨਿਬਾਹੁੰਦੇ ਹਨ।
ਰੀਸੀਂ ਪੁੱਤ ਨਾਂ ਜੰਮਦੇ ਹੋਰ ਸੱਭੇ ਗੱਲਾਂ
ਜਿਹੜਾ ਕਿਸੇ ਦੀ ਰੀਸ ਕਰ ਕੇ ਕੁਝ ਕਰਨਾ ਚਾਹੇ, ਪਰ ਸਫਲ ਨਾ ਹੋ ਸਕੇ, ਉਸ ਤੇ ਘਟਾਉਂਦੇ ਹਨ।
ਮਰੇ ਨੂੰ ਕੀ ਮਾਰਨਾ
ਕਿਸੇ ਗ਼ਰੀਬ/ਕਮਜ਼ੋਰ ਮਨੁੱਖ ਨੂੰ ਕਸ਼ਟ ਨਾ ਦੇਣ ਜਾਂ ਤੰਗ ਨਾ ਕਰਨ ਦਾ ਸੰਕੇਤ ਹੈ।
ਮਾੜਾ ਢੱਗਾ ਛੱਤੀ ਰੋਗ
ਜਦ ਕਿਸੇ ਮਾੜੇ, ਗ਼ਰੀਬ ਦੇ ਸਿਰ ਕੋਈ ਨਾ ਕੋਈ ਦੁੱਖ, ਮੁਸੀਬਤ ਆਈ ਰਹੇ, ਤਾਂ ਵਰਤਦੇ ਹਨ।
ਯਾਰਾਂ ਨਾਲ ਬਹਾਰਾਂ
ਜ਼ਿੰਦਗੀ ਜੀਉਣ ਦਾ ਸੁਆਦ ਜਾਂ ਮਜ਼ਾ ਉਦੋਂ ਹੀ ਆਉਂਦਾ ਹੈ ਜਦੋਂ ਸੱਜਣ-ਮਿੱਤਰ ਨਾਲ ਹੋਣ।
ਮੱਝ ਫਿਰੇ ਠੱਕੇ ਦੀ ਮਾਰੀ, ਮਾਹੀ ਕਰੇ ਚੁੰਘਣ ਦੀ ਤਿਆਰੀ
ਜਦ ਕੋਈ ਅਗਲੇ ਦੇ ਦੁਖ, ਪੀੜ ਦੀ ਪਰਵਾਹ ਨਾ ਕਰਦਾ ਹੋਇਆ ਉਹਨੂੰ ਆਪਣੀ ਗਰਜ਼ ਲਈ ਵਰਤਣਾ ਚਾਹੇ, ਤਾਂ ਕਹਿੰਦੇ ਹਨ।
ਮਾੜੇ ਦਿਨ ਹੋਣ ਤਾ ਊਠ ਤੇ ਬੈਠੇ ਨੂੰ ਵੀ ਕੁੱਤਾ ਵੱਢ ਖਾਂਦਾ ਹੈ
ਮਾੜੀ ਕਿਸਮਤ ਹੋਵੇ ਤਾ ਚੰਗੇ ਭਲੇ ਦਾ ਵੀ ਨੁਕਸਾਨ ਹੋ ਜਾਂਦਾ ਹੈ।
ਰੱਸੀ ਸੜ ਗਈ ਪਰ ਵਲ ਨਾ ਗਿਆ
ਜਦ ਕੋਈ ਪਹਿਲਾਂ ਅਮੀਰ ਜਾਂ ਉੱਚੀ ਪਦਵੀ ਵਾਲਾ ਤੇ ਆਕੜ ਖਾਂ ਹੋਵੇ, ਤੇ ਫੇਰ ਗ਼ਰੀਬ ਹੋ ਜਾਵੇ, ਜਾਂ ਪਦਵੀ ਤੋਂ ਲੱਥ ਜਾਵੇ, ਪਰ ਆਕੜ ਨਾ ਛੱਡੇ, ਤਾਂ ਕਹਿੰਦੇ ਹਨ।