ਖਾਈਏ ਦਾਲ, ਜਿਹੜੀ ਨਿਭੇ ਨਾਲ
ਸੰਜਮ ਦੀ ਸਿਖਿਆ ਦੇਣ ਲਈ ਇਹ ਅਖਾਣ ਵਰਤਦੇ ਹਨ ।
ਗਏ ਨਿਮਾਣੇ ਰੋਜੜੇ ਰਹਿ ਗਏ ਨੌ ਤੇ ਵੀਹ
ਜਦੋਂ ਕੰਮ ਤਾਂ ਬਹੁਤ ਸਾਰਾ ਬਾਕੀ ਪਿਆ ਹੋਵੇ, ਪਰ ਕੰਮ ਕਰਨ ਵਾਲਾ ਇਉਂ ਦੱਸੇ, ਜਿਵੇਂ ਮੁੱਕਣ ਵਾਲਾ ਹੋਵੇ ਤਾਂ ਹਾਸ ਰਸ ਵਿਚ ਕਹਿੰਦੇ ਹਨ।
ਗੁੜ ਦਿੱਤਿਆਂ ਮਰੇ ਤਾਂ ਮਹੁਰਾ ਕਿਉਂ ਦੇਈਏ ?
ਜਦ ਕੋਈ ਕੰਮ ਮਿੱਠੇ ਢੰਗ ਨਾਲ ਕੀਤਾ ਜਾ ਸਕਦਾ ਹੋਵੇ, ਤਾਂ ਅਗਲੇ ਨੂੰ ਔਖਿਆਂ ਕਰ ਕੇ ਉਹ ਕੰਮ ਲੈਣ ਦੀ ਕੀ ਲੋੜ ?
ਖਾਈਏ ਮਨ ਭਾਉਂਦਾ, ਹੰਢਾਈਏ ਜਗ ਭਾਉਂਦਾ
ਖੁਰਾਕ ਆਪਣੀ ਮਰਜ਼ੀ ਲੋੜ ਮੁਤਾਬਕ ਖਾਓ, ਪਰ ਪੁਸ਼ਾਕ ਅਜੇਹੀ ਪਹਿਨੋ ਜਿਸ ਨੂੰ ਲੋਕੀ ਠੀਕ ਸਮਝਣ।
ਗ਼ਰੀਬ ਦੀ ਜੋਰੂ, ਜਣੇ ਖਣੇ ਦੀ ਭਾਬੀ
ਮਾੜੇ ਮਨੁੱਖ ਦੀ ਚੀਜ਼ ਨੂੰ ਹਰ ਕੋਈ ਧੱਕੇ ਨਾਲ ਵਰਤਣ ਦੀ ਕੋਸ਼ਿਸ਼ ਕਰਦਾ ਹੈ।
ਗੁਰੂ ਬਿਨਾ ਗਤ ਨਹੀਂ ਸ਼ਾਹ ਬਿਨਾ ਪਤ ਨਹੀਂ
ਜਿਵੇਂ ਗੁਰੂ ਹੀ ਮਨੁੱਖ ਦਾ ਰਾਹ ਦਸੇਰਾ ਬਣਦਾ ਹੈ ਉਵੇਂ ਹੀ ਕਿਸੇ ਔਖੇ ਵੇਲੇ ਸ਼ਾਹ ਕੋਲੋਂ ਹੀ ਉਧਾਰ ਲਿਆਂ ਇੱਜ਼ਤ ਬਚਾਈ ਜਾ ਸਕਦੀ ਹੈ।
ਖਾਈ ਭਲੀ ਕਿ ਮਾਈ ? ਖਾਈ ਭਲੀ ਕਿ ਜਾਈ ?
ਜਿਹੜਾ ਖਾਣ-ਪੀਣ ਨੂੰ ਦੇਵੇ ਉਹਨੂੰ ਮਾਂ, ਧੀਆਂ, ਪੁੱਤਾਂ ਆਦਿ ਨਾਲੋਂ ਚੰਗੇਰਾ ਗਿਣਿਆ ਜਾਂਦਾ ਹੈ।
ਗ਼ਰੀਬ ਨੂੰ ਰੱਬ ਦੀ ਮਾਰ
ਗ਼ਰੀਬ ਆਦਮੀ ਨੂੰ ਵਧੇਰੇ ਦੁੱਖ ਸਹਿਣੇ ਪੈਂਦੇ ਹਨ।
ਗੂੰਗੇ ਦੀਆਂ ਸੈਨਤਾਂ ਗੂੰਗੇ ਦੀ ਮਾਂ ਹੀ ਜਾਣੇ
ਜਦ ਕੋਈ ਜਣਾ ਕੋਈ ਗੋਲ ਮੋਲ ਜਿਹੀ ਗੱਲ ਕਰੇ ਜਿਸ ਦੀ ਆਮ ਲੋਕਾਂ ਨੂੰ ਸਮਝ ਨਾ ਆਵੇ ।
ਕਦੇ ਮਰ ਚਿੜੀਏ ਕਦੇ ਜਿਉਂ ਚਿੜੀਏ
ਜ਼ੁਬਾਨ ਦਾ ਪੱਕਾ ਨਾ ਹੋਣਾ।