ਕੁੱਤੇ ਭੌਂਕਣ ਤਾਂ ਚੰਦ ਨੂੰ ਕੀ ?
ਬੰਦੇ ਦਾ ਥੁੱਕਿਆ ਚੰਦ ਤੀਕ ਨਹੀਂ ਅੱਪੜਦਾ, ਸੱਚੇ ਸੁੱਚੇ ਆਦਮੀ ਦੀ ਲੋਕੀਂ ਭਾਵੇਂ ਕਿੰਨੀ ਨਿੰਦਿਆ ਪਏ ਕਰਨ ਉਹ ਉਹਦਾ ਕੁਝ ਨਹੀਂ ਵਿਗਾੜ ਸਕਦੇ।
ਕਰ ਨਾ ਕਰ ਬੰਨੇ ਤਾ ਖੜ੍ਹ
ਬੇਕਾਰ ਮਨੁੱਖ ਨੂੰ ਕੁਝ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ।
ਕੰਧ ਨੂੰ ਵੀ ਕੰਨ ਹੁੰਦੇ ਹਨ
ਲੁਕ ਕੇ ਕੀਤੀ ਗੱਲ ਦੇ ਵੀ ਪ੍ਰਗਟ ਹੋ ਜਾਣ ਦਾ ਡਰ ਹੁੰਦਾ ਹੈ।
ਕਿੱਥੇ ਰਾਮ ਰਾਮ, ਕਿੱਥੇ ਟੈਂ ਟੈਂ
ਮਾੜੇ ਗਰੀਬ ਬੰਦੇ ਤਕੜਿਆਂ ਧਨਾਢਾਂ ਦੀ ਰੀਸ ਨਹੀਂ ਕਰ ਸਕਦੇ।
ਕਰਨੀ ਕੱਖ ਦੀ, ਗੱਲ ਲੱਖ-ਲੱਖ ਦੀ
ਫੜ੍ਹਾਂ ਬਹੁਤ ਵੱਡੀਆਂ ਵੱਡੀਆਂ ਮਾਰਨੀਆਂ ਪਰ ਹੱਥੀਂ ਕੁਝ ਵੀ ਨਾ ਕਰਨਾ।
ਕੰਨਾਂ ਦਾ ਕੱਚਾ, ਕਦੇ ਨਾ ਹੁੰਦਾ ਸੁੱਚਾ
ਲਾਈ ਲੱਗ ਦਾ ਕੋਈ ਇਤਬਾਰ ਨਹੀਂ ਹੋ ਸਕਦਾ, ਉਹ ਤਾਂ ਜਿਸ ਨੇ ਲਾਈ ਗੱਲੀਂ, ਨਾਲ ਉਸੇ ਉੱਠ ਚੱਲੀ ਵਾਲੀ ਗੱਲ ਕਰਦਾ ਹੈ ।
ਕੀਤੀ ਕਰਾਈ ਖੂਹ ਵਿਚ ਪਾਈ
ਜਦੋਂ ਕਿਸੇ ਚੰਗੇ ਮਨੁੱਖ ਕੋਲੋਂ ਮਾੜਾ ਕੰਮ ਹੋ ਜਾਵੇ ਤਾਂ ਇਸ ਨੂੰ ਵਰਤਦੇ ਹਨ।
ਕਰ ਪਰਾਈਆਂ ਤੇ ਆਉਣੀ ਜਾਈਆਂ
ਜੋ ਇਸਤਰੀ ਆਪਣੀ ਨੂੰਹ ਨਾਲ ਬੁਰਾ ਸਲੂਕ ਕਰਦੀ ਹੈ, ਉਸਦੀ ਧੀ ਨਾਲ ਵੀ ਸਹੁਰੇ ਉਹੋ ਜਿਹਾ ਸਲੂਕ ਹੋਵੇਗਾ।
ਕੰਮ ਤੇ ਰਹੇ ਤਾਂ ਕਾਜ਼ੀ, ਨਾ ਰਹੇ ਤਾਂ ਪਾਜੀ
ਜਿੰਨਾ ਚਿਰ ਕਿਸੇ ਤੋਂ ਮਤਲਬ ਲੈਣਾ ਹੁੰਦਾ ਹੈ, ਉੱਨਾਂ ਚਿਰ ਉਹਨੂੰ ਸਲਾਹੁਣਾ ਵਡਿਆਉਣਾ, ਤੇ ਮਗਰੋਂ ਉਸੇ ਨੂੰ ਭੰਡਣ ਲੱਗ ਪੈਣਾ।
ਕੀੜੀ ਦੀ ਮੌਤ ਆਉਂਦੀ ਹੈ ਤਾਂ ਉਸਨੂੰ ਖੰਭ ਲੱਗ ਜਾਂਦੇ ਹਨ
ਜਦੋਂ ਕਿਸੇ ਦੇ ਦਿਨ ਭੈੜੇ ਆਉਂਦੇ ਹਨ, ਉਹ ਵਿਤੋਂ ਵਧ ਕੇ ਛਾਲਾਂ ਮਾਰਨ ਤੇ ਔਖੇ-ਔਖੇ ਕੰਮਾਂ ਨੂੰ ਹੱਥ ਪਾਉਣ ਲੱਗ ਪੈਂਦਾ ਹੈ, ਅਤੇ ਨੁਕਸਾਨ ਉਠਾਉਂਦਾ ਹੈ।