ਸਾਨੂੰ ਸੱਜਣ ਸੌ ਮਿਲੇ ਗਲੀਂ ਲੱਗੀਆਂ ਬਾਹੀਂ, ਸਾਡੇ ਉੱਤੇ ਜੁੱਲੀਆਂ, ਉਹਨਾਂ ਤੇ ਉਹ ਵੀ ਨਾਹੀਂ
ਜਦ ਕਿਸੇ ਨੂੰ ਉਹਦੇ ਨਾਲੋਂ ਵੀ ਮਾੜੇ ਜਾਂ ਗਰੀਬ ਸਾਕ ਮਿੱਤਰ ਟੱਕਰ ਪੈਣ ।
ਸੌ ਸੁਨਿਆਰ ਦੀ, ਇਕ ਲੁਹਾਰ ਦੀ
ਮਾੜੇ ਆਦਮੀ ਸੌ ਸੱਟਾਂ ਮਾਰ ਕੇ ਉੰਨਾ ਨੁਕਸਾਨ ਨਹੀਂ ਕਰ ਸਕਦੇ, ਜਿੰਨਾ ਤਕੜਾ ਆਦਮੀ ਇਕੋ ਸੱਟ ਨਾਲ ਕਰ ਸਕਦਾ ਹੈ।
ਹਾਸੇ ਦਾ ਮੜਾਸਾ ਹੋ ਜਾਣਾ
ਕਈ ਵਾਰੀ ਹਾਸੇ ਹਾਸੇ ਵਿਚ ਮੂੰਹੋਂ ਅਜਿਹੀ ਗੱਲ ਨਿਕਲ ਜਾਂਦੀ ਹੈ ਜਿਸ ਕਰਕੇ ਬੇਸੁਆਦੀ ਜਾਂ ਲੜਾਈ ਹੋ ਜਾਂਦੀ ਹੈ।
ਸਾਰਾ ਜਾਂਦਾ ਵੇਖੀਏ ਤਾਂ ਅੱਧਾ ਦੇਈਏ ਲੁਟਾ
ਜਦੋਂ ਬਹੁਤਾ ਨੁਕਸਾਨ ਹੁੰਦਾ ਦਿਸਦਾ ਹੋਵੇ, ਤੇ ਆਪਣੇ ਆਪ ਹੀ ਥੋੜ੍ਹਾ ਜਿਹਾ ਨੁਕਸਾਨ ਝੱਲਿਆਂ ਬਾਕੀ ਦੀ ਰਾਸ ਪੂੰਜੀ ਬਚ ਸਕਦੀ ਹੋਵੇ, ਤਾਂ ਇਹ ਥੋੜ੍ਹਾ ਨੁਕਸਾਨ ਖੁਸ਼ੀ ਨਾਲ ਝੱਲ ਲੈਣਾ ਚਾਹੀਦਾ ਹੈ।
ਸੌ ਹੱਥ ਰੱਸਾ ਸਿਰੇ ਤੇ ਗੰਢ
ਕੁਝ ਵੀ ਕਰੋ ਕਿਸੇ ਵੀ ਗੱਲ ਦਾ ਨਤੀਜਾ ਓਹੀ ਨਿਕਲੇਗਾ ਜੋ ਕੁਦਰਤੀ ਤੌਰ ਤੇ ਨਿਕਲਣਾ ਚਾਹੀਦਾ ਹੈ ।
ਹਾਣ ਨੂੰ ਹਾਣ ਪਿਆਰਾ
ਹਰ ਕੋਈ ਆਪਣੀ ਉਮਰ ਦੇ ਹਾਣੀਆਂ ਨਾਲ ਮਿਲ ਕੇ ਖੁਸ਼ ਹੁੰਦਾ ਹੈ।
ਸਾਰੀ ਰਾਤ ਭੰਨੀ, ਤੇ ਕੁੜੀ ਜੰਮੀ ਅੰਨ੍ਹੀ
ਮਿਹਨਤ ਤਕਲੀਫ ਬਹੁਤ ਵਧੇਰੇ ਤੇ ਸਿੱਟਾ ਬਹੁਤ ਘਟੀਆ।
ਸੌ ਦਾਰੂ ਇਕ ਘਿਉ, ਸੋ ਚਾਚਾ ਇਕ ਪਿਉ
ਸਪਸ਼ਟ ਹੈ।
ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਣ ਦੇ ਹੋਰ
ਜੋ ਬਾਹਰੋਂ ਸਾਊ ਤੇ ਮਿੱਠਾ ਜਾਪੇ, ਪਰ ਦਿਲ ਦਾ ਖੋਟਾ ਹੋਵੇ ।
ਸਾਂਝਾ ਬਾਬਾ ਕੋਈ ਨਾ ਪਿੱਟੇ, ਸਾਂਝੀ ਹਾਂਡੀ ਚੁਰਾਹੇ ਫੁੱਟੇ
ਜਿਹੜੇ ਕੰਮ ਦੀ ਜੁੰਮੇਵਾਰੀ ਬਹੁਤਿਆਂ ਦੇ ਸਿਰ ਹੋਵੇ, ਉਹ ਕਦੇ ਵੀ ਨੇਪਰੇ ਨਹੀਂ ਚੜ੍ਹਦਾ ।