ਸੌ ਦਿਨ ਚੋਰ ਦਾ, ਇਕ ਦਿਨ ਸਾਧ ਦਾ
ਚੋਰਾਂ ਉੱਚਕਿਆਂ ਨੂੰ ਸਦਾ ਸਫਲਤਾ ਨਹੀਂ ਹੁੰਦੀ ਰਹਿੰਦੀ, ਕਦੇ ਨ ਕਦੇ ਸਾਧੂਆਂ (ਭਲੇਮਾਨਸਾਂ) ਨੂੰ ਵੀ ਮੌਕਾ ਮਿਲਦਾ ਹੈ, ਉੱਚਕਿਆਂ ਨੂੰ ਨੰਗੇ ਹੋਏ ਅਤੇ ਕੁੱਟੀਦੇ ਵੇਖਣ ਦਾ।
ਹਾਥੀ ਲੰਘ ਗਿਆ ਤੇ ਪੂਛ ਬਾਕੀ ਰਹਿ ਗਈ
ਕੰਮ ਦਾ ਬਹੁਤ ਵਡੇਰਾ ਤੇ ਔਖੇਰਾ ਹਿੱਸਾ ਮੁੱਕ ਗਿਆ, ਏਵੇਂ ਥੋੜ੍ਹਾ ਤੇ ਮਾਮੂਲੀ ਜਿਹਾ ਰਹਿ ਗਿਆ ਹੈ।
ਸੱਦੀ ਨਾ ਪੁੱਛੀ, ਮੈਂ ਲਾੜੇ ਦੀ ਫੁੱਫੀ
ਜਦ ਕੋਈ ਬਦੋ-ਬਦੀ ਅਗਾਂਹ ਚੌਧਰੀ ਬਣਦਾ ਫਿਰੇ ।
ਸਾਂਝੀ ਦੇਗ਼ ਕੁਤਿਆਂ ਖਾਧੀ
ਜਦ ਕਿਸੇ ਕੰਮ ਨੂੰ ਬਹੁਤ ਸਾਰੇ ਬੰਦੇ ਮਿਲ ਕੇ ਸਾਂਝੀ ਰਾਏ ਅਨੁਸਾਰ ਨਾ ਕਰਨ ਤਾਂ ਉਹ ਕੰਮ ਖ਼ਰਾਬ ਹੋ ਜਾਂਦਾ ਹੈ।
ਸੌਣਾ ਰੂੜੀਆਂ ਤੇ, ਸੁਫਣੇ ਲੈਣੇ ਸ਼ੀਸ਼ ਮਹਿਲਾਂ ਦੇ
ਆਪਣੀ ਵਿਤੋਂ ਵਧ ਕੇ ਆਸਾਂ ਲਾਉਣੀਆਂ ਤੇ ਖਾਹਿਸ਼ਾਂ ਪ੍ਰਗਟ ਕਰਨੀਆਂ।
ਹਾਰ ਮੰਨੀ ਝਗੜਾ ਮੁਕਿਆ
ਜਦੋਂ ਕੋਈ ਸਿਆਣਾ ਬੰਦਾ ਝਗੜੇ ਦਾ ਨਿਪਟਾਰਾ ਕਰਨ ਲਈ ਆਪ ਮਾੜੀ-ਮੋਟੀ ਕਸਰ ਸਹਿ ਲਵੇ ।
ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ
ਜਦ ਕੋਈ ਕਿਸੇ ਕੰਮ ਵਿਚ ਵਾਧੂ ਦਖਲ ਦੇਵੇ ਤੇ ਬਦੋ-ਬਦੀ ਖੜਪੈਂਚ ਬਣਨ ਦੇ ਜਤਨ ਕਰੇ ।
ਸਿਆਣਾ ਕਾਂ ਹਮੇਸ਼ਾ ਗੰਦ ਤੇ ਬੈਠੇ
ਆਪਣੇ ਆਪ ਨੂੰ ਬਹੁਤ ਸਿਆਣਾ ਸਮਝਣ ਵਾਲਾ ਪੁਰਸ਼ ਹਮੇਸ਼ਾਂ ਨੁਕਸਾਨ ‘ਚ ਰਹਿੰਦਾ ਹੈ।
ਹਸਾਏ ਦਾ ਨਾਂ ਨਹੀਂ, ਰੁਆਏ ਦਾ ਨਾਂ
ਜਿਹੜੇ ਸੁੱਖ ਦਿੱਤੇ ਹਨ ਉਹ ਭੁੱਲ ਗਏ, ਅਤੇ ਜੇ ਕਦੀ ਕੋਈ ਤਕਲੀਫ ਦਿੱਤੀ ਗਈ, ਉਹ ਚੇਤੇ ਰਹਿ ਗਈ।
ਹਾੜ੍ਹ ਸੜੇ ਸਾਵਣ ਵਰ੍ਹੇ ਜੱਟ ਭੜੋਲੇ ਭਰੇ
ਜਦੋਂ ਹਾੜ ਵਿਚ ਚੰਗੀ ਗਰਮੀ ਹੋਵੇ ਅਤੇ ਸਾਵਣ ਵਿਚ ਰੱਜ ਕੇ ਵਰਖਾ ਹੋਵੇ ਤਾਂ ਅੰਨ ਦੀ ਉਪਜ ਚੋਖੀ ਹੋ ਜਾਂਦੀ ਹੈ।