ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਂ ਗਏ ਲਿੱਦ ਸੁੱਟਣੀ ਪਈ
ਜਦ ਕੋਈ ਆਪਣੇ ਵਲੋਂ ਤਾਂ ਚੰਗਾ ਸੌਦਾ ਕਰੇ, ਪਰ ਉਹ ਨਿੱਕਲੇ ਘਾਟੇ-ਵੰਦਾ, ਤਾਂ ਕਹਿੰਦੇ ਹਨ।
ਮਿਲਦਿਆਂ ਦੇ ਸਾਕ ਤੇ ਵਾਹੁੰਦਿਆਂ ਦੀਆਂ ਭੋਆਂ
ਸਾਕਾਗੀਰੀ ਤਾਂ ਹੀ ਕਾਇਮ ਰਹਿ ਸਕਦੀ ਹੈ, ਜੇ ਸਾਕਾਂ ਨੂੰ ਮਿਲਦੇ-ਗਿਲਦੇ ਰਹੀਏ, ਅਤੇ ਜ਼ਮੀਨ ਤਾਂ ਹੀ ਕੰਮ ਦੀ ਤੇ ਆਪਣੀ ਰਹਿ ਸਕਦੀ ਹੈ, ਜੇ ਉਹਨੂੰ ਵਾਹੁੰਦੇ, ਬੀਜਦੇ ਰਹੀਏ।
ਰੱਖ ਪਤ, ਰਖਾ ਪਤ
ਜੀ ਆਖ ਤੇ ਜੀ ਅਖਵਾ, ਜੇ ਚਾਹੁੰਦੇ ਹੋ ਕਿ ਲੋਕ ਤੁਹਾਡੀ ਇੱਜ਼ਤ ਕਰਨ, ਤਾਂ ਤੁਸੀਂ ਲੋਕਾਂ ਦੀ ਇੱਜ਼ਤ ਕਰੋ।
ਮੰਗੀ ਸੀ ਹੇਠ ਨੂੰ ਮਿਲ ਗਈ ਉੱਤੇ ਨੂੰ
ਜਦ ਜਤਨ ਤਾਂ ਕਰੀਏ ਕੋਈ ਵਰਤਣਯੋਗ ਸ਼ੈ ਲਈ, ਤੇ ਅੱਗੋਂ ਮਿਲ ਜਾਵੇ ਉਹ ਜਿਸ ਦਾ ਉਲਟਾ ਭਾਰ ਚੁੱਕਣਾ ਪਵੇ ਤੇ ਖੇਚਲ ਝੱਲਣੀ ਪਵੇ, ਤਾਂ ਕਹਿੰਦੇ ਹਨ।
ਮੀਆਂ ਜੋੜੇ ਫੱਕਾ ਫੱਕਾ, ਬੀਬੀ ਮਾਰੇ ਇੱਕੋ ਧੱਕਾ
ਮਰਦ ਕਿਰਸ ਕਰਕੇ ਜੋੜਨ ਵਾਲਾ ਪਰ ਵਹੁਟੀ ਫਜ਼ੂਲ ਖ਼ਰਚ ਕਰਨ ਵਾਲੀ ਹੋਵੇ।
ਰੱਖੇ ਰੱਬ ਤਾਂ ਮਾਰੇ ਕੌਣ
ਜਿਸ ਬੰਦੇ ਨੂੰ ਰੱਬ ਦਾ ਆਸਰਾ ਹੋਵੇ ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ।
ਮੰਤਰ ਨਾ ਜਾਣੇ ਠੂੰਹਿਆਂ, ਹੱਥ ਸੱਪੀਂ ਪਾਵੇ
ਜਦ ਕੋਈ ਆਪਣੀ ਵਿਤੋਂ ਬਾਹਰੇ ਕਿਸੇ ਔਖੇ ਕੰਮ ਨੂੰ ਹੱਥ ਪਾਉਣ ਨੂੰ ਤਿਆਰ ਹੋ ਪਵੇ, ਤੇ ਫੜ੍ਹਾਂ ਮਾਰੇ ਤਾਂ ਕਹਿੰਦੇ ਹਨ।
ਮੀਆਂ ਬੀਵੀ ਰਾਜ਼ੀ, ਤਾਂ ਕੀ ਕਰੂਗਾ ਕਾਜ਼ੀ ?
ਜਦ ਦੋ ਧਿਰਾਂ ਆਪੋ ਵਿਚ ਘਿਉ-ਖਿਚੜੀ ਹੋਣ, ਤਾਂ ਤੀਜੇ ਸੁਲ੍ਹਾ-ਕਰਾਊ ਦੀ ਲੋੜ ਨਹੀਂ ਹੁੰਦੀ, ਤੇ ਨਾ ਹੀ ਕੋਈ ਤੀਜਾ ਵਿਚ ਲੱਤ ਡਾਹ ਸਕਦਾ ਹੈ।
ਰੱਜ ਨੂੰ ਚੱਜ
ਪੱਲੇ ਪੈਸੇ ਹੋਣ ਨਾਲ ਹਰ ਕਿਸੇ ਨੂੰ ਵਿਆਹ ਢੰਗਾਂ ਤੇ ਸੁਆਰਥਾਂ ਆਦਿ ਤੇ ਖਰਚ ਕਰਨ ਦੀ ਜਾਚ ਆ ਜਾਂਦੀ ਹੈ।
ਮਾਸ ਦੀ ਰਾਖੀ ਬਿੱਲਾ
ਜਦੋਂ ਉਸ ਮਨੁੱਖ ਨੂੰ ਕੋਈ ਚੀਜ਼ ਦਿੱਤੀ ਜਾਵੇ ਜਿਸ ਪਾਸੋਂ ਵਾਪਸ ਮੁੜਨ ਦੀ ਉਮੀਦ ਨ ਹੋਵੇ, ਤਾਂ ਵਰਤਦੇ ਹਨ।