ਸਹੇ ਨੂੰ ਨਹੀਂ ਰੋਂਦੀ, ਪਹੇ ਨੂੰ ਰੋਂਦੀ ਹਾਂ
ਜਦ ਕੋਈ ਇਕ ਭੁੱਲ ਰਾਹੀਂ ਕਿਸੇ ਨੂੰ ਨੁਕਸਾਨ ਪਹੁੰਚਾਵੇ, ਤੇ ਉਸ ਤੋਂ ਦੂਜੇ ਨੂੰ ਚਿੰਤਾ ਹੋ ਜਾਵੇ ਕਿ ਮਤਾਂ ਇਹ ਲੀਹ ਹੀ ਪੈ ਜਾਵੇ ।
ਸੱਜਣਾਂ ਦੇ ਲਾਰੇ ਸਦਾ ਕਵਾਰੇ
ਜਦੋਂ ਕੋਈ ਮਨੁੱਖ ਲਾਰੇ ਲਾ ਕੇ ਅੰਤ ਵਿਚ ਕੰਮ ਕਰਨੋ ਕੋਰਾ ਜਵਾਬ ਦੇ ਦੇਵੇ।
ਇਕ ਇਕ ਤੇ ਦੋ ਯਾਰਾਂ
ਏਕੇ ਦੀ ਬਰਕਤ ਦੱਸਣ ਲਈ ਵਰਤਦੇ ਹਨ।
ਇਕ ਮਿਆਨ ਵਿਚ ਦੋ ਤਲਵਾਰਾਂ
ਦੋ ਇਕੋ ਜਿਹੇ ਤਕੜੇ ਡਾਢੇ ਬੰਦੇ ਇਕ ਥਾਂ ਰਲ ਮਿਲ ਕੇ ਗੁਜ਼ਾਰਾ ਨਹੀਂ ਕਰ ਸਕਦੇ।
ਸ਼ਹਿਰ ਦਾ ਝੋਰਾ, ਕਾਜ਼ੀ ਨੂੰ
ਜਿਹੜਾ ਆਪਣੇ ਜੋਗਾ ਵੀ ਨਾ ਹੋਵੇ ਪਰ ਚਿੰਤਾ ਬਹੁਤਿਆਂ ਦੇ ਸੁੱਖ ਦੀ ਕਰੇ ।
ਸੱਤ ਡਿੱਗਾ ਜਹਾਨ ਡਿੱਗਾ
ਜਦ ਕਿਸੇ ਦਾ ਆਚਰਨ ਜਾਂ ਧਰਮ ਜਾਂਦਾ ਰਹੇ, ਤਾਂ ਸਮਝੋ ਕਿ ਉਹਦਾ ਸਭ ਕੁਝ ਹੀ ਜਾਂਦਾ ਰਿਹਾ ।
ਇਕ ਸੱਪ ਦੂਜਾ ਉੱਡਣਾ
ਜਦੋਂ ਇਕ ਬੰਦੇ ਵਿਚ ਇਕ ਤੋਂ ਵਧ ਕੇ ਭੈੜੇ ਗੁਣ ਹੋਣ ਤਾਂ ਕਹਿੰਦੇ ਹਨ।
ਇਕੋ ਆਂਡਾ ਉਹ ਵੀ ਗੰਦਾ
ਜਦ ਕਿਸੇ ਨੂੰ ਕਿਸੇ ਇਕ ਸ਼ੈ ਜਾਂ ਜਣੇ ਦਾ ਸਹਾਰਾ ਹੋਵੇ ਤੇ ਉਹ ਵੀ ਭੈੜਾ ਨਿਕਲ ਆਵੇ ਤਾਂ ਉਸ ਤੇ ਢੁਕਾਉਂਦੇ ਹਨ।
ਸ਼ਕਲ ਡੂਮਾਂ ਦੀ ਦਿਮਾਗ਼ ਪਰੀਆਂ ਦਾ
ਜਿਹੜਾ ਮਨੁੱਖ ਸ਼ਕਲ ਤੋਂ ਭੱਦਾ ਹੁੰਦਾ ਹੋਵੇ ਪਰ ਫੈਸ਼ਨ ਕਰਕੇ ਆਪਣੀ ਟੌਹਰ ਕੱਢ ਕੇ ਰੱਖੇ, ਨਖਰਾ ਕਰੇ।
ਇਕ ਹੱਥ ਨਾਲ ਤਾੜੀ ਨਹੀਂ ਵੱਜਦੀ
ਲੜਾਈ ਵਿੱਚ ਦੋਵੇਂ ਧਿਰਾਂ ਦਾ ਕਸੂਰ ਹੁੰਦਾ ਹੈ ।