ਸ਼ਮਲਾ ਤੱਕ ਕੇ ਭੁੱਲੀ ਨਾ ਕੁੱਲੀ, ਨਾ ਜੁੱਲੀ
ਜਦਂੋ ਕੋਈ ਬੰਦਾ ਕਿਸੇ ਦੇ ਬਾਹਰੀ ਦਿਖਾਵੇ ਉੱਤੇ ਭਰਮ ਜਾਵੇ ਤੇ ਪਿੱਛੋਂ ਉਸ ਨੂੰ ਛਲਾਵੇ ਦਾ ਗਿਆਨ ਹੋਵੇ ਤਾਂ ਕਹਿੰਦੇ ਹਨ।
ਇਕ ਚੁੱਪ ਸੌ ਸੁੱਖ
ਕਈ ਮੌਕਿਆਂ ਤੇ ਆਪਣੀ ਰਾਇ ਪ੍ਰਗਟ ਕਰਨ ਨਾਲੋਂ ਚੁੱਪ ਰਹਿਣਾ ਵਧੇਰੇ ਲਾਭਦਾਇਕ ਤੇ ਸੁਖਦਾਈ ਹੁੰਦਾ ਹੈ।
ਇੱਲ ਦਾ ਨਨਾਣਵਈਆ (ਨਣਦੋਈਆ) ਕਾਂ
ਮਾੜੇ-ਮੋਟਿਆਂ ਦੇ ਸਾਕ-ਸਬੰਧੀ ਵੀ ਉਨ੍ਹਾਂ ਵਰਗੇ (ਮਾੜੇ) ਹੀ ਹੁੰਦੇ ਹਨ।
ਸਮੁੰਦਰ ‘ਚ ਮੋਤੀਆਂ ਦਾ ਕਾਲ
ਸਭ ਕੁਝ ਹੁੰਦੇ ਹੋਏ ਵੀ ਰੋਂਦੇ ਰਹਿਣਾ ਜਾਂ ਹੁੰਦਿਆਂ ਸੁੰਦਿਆਂ ਕੰਜੂਸੀ ਕਰਨੀ।
ਇਕ ਨੂੰ ਕੀ ਰੋਨੀ ਏਂ, ਏਥੇ ਊਤ ਗਿਆ ਈ ਆਵਾ
ਜਦ ਕੋਈ ਇਕ ਸ਼ੈ ਦੇ ਖਰਾਬ ਹੋ ਜਾਣ ਤੇ ਅਫਸੋਸ ਕਰਦਾ ਹੋਵੇ, ਤੇ ਉਹਨੂੰ ਦੱਸਣਾ ਹੋਵੇ ਕਿ ਤੇਰੀਆਂ ਤਾਂ ਹੋਰ ਵੀ ਕਈ ਸ਼ੈਆਂ ਖਰਾਬ ਹੋ ਗਈਆਂ ਹਨ ।
ਇੱਲ ਮੁੰਡਾ ਲੈ ਗਈ, ਜਠੇਰਿਆਂ ਦਾ ਨਾਂ
ਜਦ ਕਿਸੇ ਦਾ ਬਦੋਬਦੀ ਕੋਈ ਨੁਕਸਾਨ ਹੋ ਜਾਵੇ ਤਾਂ ਉਹਦਾ ਅਹਿਸਾਨ ਹੋਰਨਾਂ ਸਿਰ ਚਾੜ੍ਹਿਆ ਜਾਵੇ ਤਾਂ ਕਹਿੰਦੇ ਹਨ।
ਸਰਫਾ ਕਰਕੇ ਸੁੱਤੀ, ਆਟਾ ਖਾ ਗਈ ਕੁੱਤੀ
ਜਦ ਕੋਈ ਸੂਮ ਬੱਚਤ ਕਰੇ ਪਰ ਨੁਕਸਾਨ ਵੱਧ ਹੋ ਜਾਵੇ ।
ਇਕ ਦਰ ਬੰਦ ਸੌ ਦਰ ਖੁੱਲ੍ਹੇ
ਰੁਜ਼ਗਾਰ ਦੇ ਹਜ਼ਾਰਾਂ ਸਾਧਨ ਹਨ, ਘਬਰਾਉਣਾ ਨਹੀਂ ਚਾਹੀਦਾ ।
ਇੱਲਾਂ ਦੇ ਆਲ੍ਹਣਿਓਂ ਮਾਸ ਦੀਆਂ ਮੁਰਾਦਾਂ
ਜਿਹੜਾ ਆਪ ਹੀ ਕਿਸੇ ਸ਼ੈ ਨਾਲ ਨਾ ਰੱਜੇ ਉਸ ਤੋਂ ਉਸ ਸ਼ੈ ਦੇ ਮਿਲਣ ਦੀ ਆਸ ਕਦੇ ਪੂਰੀ ਨਹੀਂ ਹੋ ਸਕਦੀ।
ਸ਼ਰਮ ਕਰੇਂਦਾ ਅੰਦਰ ਵੜਿਆ ਮੂਰਖ ਆਖੇ ਮੈਥੋਂ ਡਰਿਆ
ਮੂਰਖ ਤੋਂ ਟਾਲਾ ਵੱਟੋ ਤਾਂ ਉਹ ਸਮਝਦਾ ਹੈ ਮੈਥੋਂ ਡਰ ਗਿਆ ।