ਆਹ ਮੂੰਹ ਤੇ ਮਸਰਾਂ ਦੀ ਦਾਲ
ਜਦੋਂ ਦੱਸਣਾ ਹੋਵੇ ਕਿ ਕੋਈ ਬੰਦਾ ਕਿਸੇ ਖ਼ਾਸ ਚੀਜ਼ ਦੇ ਯੋਗ ਨਹੀਂ ।
ਆਪਣਾ ਹੀ ਨਾ ਭਰੇ ਤੇ ਕੁੜਮਾਂ ਅੱਗੇ ਕੀ ਧਰੇ
ਜਦੋਂ ਆਪਣਾ ਹੀ ਗੁਜ਼ਾਰਾ ਨਾ ਹੋਵੇ ਤਾਂ ਕਿਸੇ ਹੋਰ ਦੀ ਸਹਾਇਤਾ ਭਲਾ ਕਿਵੇਂ ਕੀਤੀ ਜਾ ਸਕਦਾ ਹੈ।
ਆਪਣੀ ਮੱਝ ਦਾ ਦੁੱਧ ਸੌ ਕੋਹ ‘ਤੇ ਜਾ ਕੇ ਪੀਈਦਾ ਹੈ
ਜੇ ਤੁਸੀਂ ਕਿਸੇ ਪ੍ਰਾਹੁਣੇ ਦੀ ਖਾਤਰ ਕਰੋਗੇ ਤਾਂ ਜਦੋਂ ਤੁਸੀ ਉਸ ਦੇ ਕੋਲ ਜਾਓਗੇ ਤਦ ਉਹ ਵੀ ਤੁਹਾਡੀ ਖ਼ਾਤਰ ਕਰੇਗਾ।
ਉਲਟਾ ਚੋਰ ਕੋਤਵਾਲ ਨੂੰ ਡਾਂਟੇ
ਕਸੂਰਵਾਰ ਦਾ ਬੇਕਸੂਰ ਨੂੰ ਝਿੜਕਣਾ ।
ਊਠ ਤੇ ਚੜ੍ਹੀ ਨੂੰ ਦੋ-ਦੋ ਦਿਸਦੇ ਹਨ
ਜਿਹੜਾ ਆਪ ਸੌਖਾ ਤੇ ਸੁਖੀ ਹੋਵੇ, ਉਹਨੂੰ ਹੋਰਨਾਂ ਦੇ ਦੁੱਖਾਂ ਦੀ ਸਾਰ ਨਹੀਂ ਹੁੰਦੀ।
ਅੱਖੀਂ ਡਿੱਠਾ ਭਾਵੇ ਨਾ, ਕੁੱਛੜ ਬਹੇ ਨਿਲੱਜ
ਜੋ ਵੇਖਣ ਨੂੰ ਵੀ ਚੰਗਾ ਨਹੀਂ ਲਗਦਾ, ਪਰ ਜੇ ਉਹ ਢੀਠ ਹੋ ਕੇ ਨੇੜੇ ਢੁਕ ਢੁਕ ਕੇ ਬੈਠੇ ਤਾਂ ਪਿਆਰ ਕਰਨਾ ਪੈਂਦਾ ਹੈ।
ਅੰਨ੍ਹਾ ਕੁੱਤਾ ਹਰਨਾਂ ਦਾ ਸ਼ਿਕਾਰੀ
ਕਿਸੇ ਦਾ ਅਜੇਹੇ ਕੰਮ ਨੂੰ ਹੱਥ ਪਾ ਬਹਿਣਾ, ਜਿਸ ਨੂੰ ਉਹ ਮੂਲੋਂ ਹੀ ਕਰਨ ਜੋਗਾ ਨਾ ਹੋਵੇ।
ਉਲਟੀ ਗੰਗਾ ਪਹੋਏ ਨੂੰ
ਕਿਸੇ ਦਾ ਅਸੂਲ ਜਾਂ ਰਹੁ-ਰੀਤ ਦੇ ਉਲਟ ਗੱਲ ਕਰਨਾ।
ਊਠ ਤੋਂ ਛਾਣਨੀ ਲਾਹਿਆਂ ਭਾਰ ਹੌਲਾ ਹੋ ਜਾਊ
ਬਹੁਤੇ ਕੰਮ ਵਿੱਚੋਂ ਥੋੜ੍ਹਾ ਜਿਹਾ ਕੰਮ ਘਟਾ ਦੇਣ ਨਾਲ ਕੋਈ ਸੌਖਾ ਨਹੀਂ ਹੋ ਜਾਂਦਾ।
ਅੱਖੀਂ ਵੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ
ਜਾਣ ਬੁੱਝ ਕੇ ਨੁਕਸਾਨ ਲਈ ਕੋਈ ਕੰਮ ਨਹੀਂ ਕੀਤਾ ਜਾਂਦਾ।