ਉਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ
ਜਦ ਕਿਸੇ ਨਖਸਮੀ ਸ਼ੈ ਦਾ ਕੋਈ ਮਾਮੂਲੀ ਜਿਹਾ ਆਦਮੀ ਮਾਲਿਕ ਬਣ ਬਹੇ ।
ਉੱਤੋਂ ਬੀਬੀਆਂ ਦਾੜ੍ਹੀਆਂ ਵਿਚੋਂ ਕਾਲੇ ਕਾਂ
ਜਦੋਂ ਕੋਈ ਬੰਦਾ ਵੇਖਣ ਨੂੰ ਬੜਾ ਸਾਊ ਤੇ ਸ਼ਰੀਫ ਹੋਵੇ, ਪਰ ਐਬ ਕਰਦਾ ਫੜਿਆ ਜਾਵੇ, ਤਾਂ ਵਰਤਦੇ ਹਨ।
ਅਮੀਰ ਦੀ ਮਰ ਗਈ ਕੁੱਤੀ, ਉਹ ਹਰ ਕਿਸੇ ਨੇ ਪੁੱਛੀ, ਗ਼ਰੀਬ ਦੀ ਮਰ ਗਈ ਮਾਂ ਉਹਦਾ ਕਿਸੇ ਵੀ ਨਾ ਲਿਆ ਨਾਂ
ਅਮੀਰ ਦੇ ਥੋੜ੍ਹੇ ਨੁਕਸਾਨ ਨਾਲ ਵੀ ਲੋਕ ਹਮਦਰਦੀ ਕਰਦੇ ਹਨ ਪਰ ਗ਼ਰੀਬ ਦੇ ਬਹੁਤੇ ਨੁਕਸਾਨ ਨੂੰ ਵੀ ਕੋਈ ਨਹੀਂ ਗੌਲਦਾ ।
ਅੱਗੇ ਬੀਬੀ ਟੱਪਣੀ ਪਿੱਛੇ ਢੋਲਾਂ ਦੀ ਗੜਗੱਜ
ਜਦੋਂ ਕੋਈ ਬੇਕਾਬੂ ਸੁਭਾਅ ਦਾ ਮਾਲਕ ਹੋਵੇ, ਉਪਰੋਂ ਹਾਲਾਤ ਵੀ ਉਹੋ ਜਿਹੇ ਹੀ ਮਿਲ ਜਾਣ।
ਉਜੜੇ ਪਿੰਡ ਭੜੋਲਾ ਮਹਿਲ
ਕਿਸੇ ਥਾਂ ਕੋਈ ਚੰਗੀ ਚੀਜ਼ ਨਾ ਲੱਭੇ, ਤਾਂ ਮਾੜੀ ਮੋਟੀ ਨਿਕੰਮੀ ਸ਼ੈ ਦੀ ਹੀ ਕਦਰ ਪੈ ਜਾਂਦੀ ਹੈ।
ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ
ਜਿਵੇਂ ਪੱਖਾ ਝੱਲ ਕੇ ਹਵਾ ਦਾ ਸੁਖ ਲੈ ਲਈਦਾ ਹੈ, ਤਿਵੇਂ ਹੀ ਉੱਦਮ ਕੀਤਿਆਂ ਸਫਲਤਾ ਮਿਲਦੀ ਹੈ ।
ਅਮੀਰ ਦੇ ਸਾਲੇ ਬਹੁਤ ਪਰ ਗ਼ਰੀਬ ਦਾ ਭਣਵਈਆ ਕੋਈ ਨਹੀਂ
ਗ਼ਰੀਬ ਬੰਦੇ ਨਾਲ ਕੋਈ ਵੀ ਸਾਂਝ ਰੱਖਣੀ ਪਸੰਦ ਨਹੀਂ ਕਰਦਾ।
ਅੱਡ ਖਾਏ ਸੋ ਡੱਡ (ਹੱਡ) ਖਾਏ, ਵੰਡ ਖਾਏ ਸੋ ਖੰਡ ਖਾਏ
ਕੋਈ ਸ਼ੈ ਇੱਕਲਿਆਂ ਹੀ ਵਰਤਣ ਖਾਣ ਦੀ ਥਾਂ ਹੋਰਨਾਂ ਨਾਲ ਵੰਡ ਕੇ ਖਾਣ ਵਰਤਣ ਦੇ ਹੱਕ ਵਿਚ ਉਪਦੇਸ਼।
ਉਠ ਨੀ ਨੂੰਹੇਂ ਨਿਸਲ ਹੋ ਚਰਖਾ ਛੱਡ ਤੇ ਚੱਕੀ ਝੋ
ਜਦੋਂ ਹੁਸ਼ਿਆਰੀ ਨਾਲ ਕਿਸੇ ਨੂੰ ਸੌਖੇ ਕੰਮ ਦੀ ਥਾਂ ਕੋਈ ਔਖਾ ਕੰਮ ਕਰਨ ਲਈ ਕਿਹਾ ਜਾਵੇ।
ਉਂਗਲੀ ਫੜ ਤੇ ਪਹੁੰਚਾ ਫੜਾ
ਕਿਸੇ ਦੀ ਮਦਦ ਕਰੀਏ, ਤਾਂ ਉਹ ਅੱਗੋਂ ਦੂਣੀ ਚੌਣੀ ਮਦਦ ਕਰਦਾ ਹੈ।