ਅੱਖ ਅੱਡੀ ਹੀ ਰਹਿ ਗਈ, ਕੱਜਲ ਨੂੰ ਇੱਲ ਲੈ ਗਈ
ਕਿਸੇ ਸ਼ੈ ਦੇ ਮਿਲ ਜਾਣ ਦੀ ਪੱਕੀ ਆਸ ਧਾਰ ਕੇ ਉਹਨੂੰ ਲੈਣ ਵਰਤਣ ਲਈ ਤਿਆਰ ਹੋਣਾ, ਪਰ ਉਹ ਅਚਨਚੇਤ ਹੱਥੋਂ ਖੁੱਸ ਜਾਣੀ।
ਅੱਤ ਭਲਾ ਨਾ ਬੋਲਣਾ, ਅੱਤ ਨਾ ਭਲੀ ਚੁੱਪ, ਅੱਤ ਨਾ ਭਲਾ ਮੇਘਲਾ, ਅੱਤ ਨਾ ਭਲੀ ਧੁੱਪ
ਕਿਸੇ ਚੀਜ਼ ਦਾ ਬਹੁਤ ਜ਼ਿਆਦਾ ਹੋਣਾ ਨੁਕਸਾਨਦੇਹ ਹੁੰਦਾ ਹੈ ।
ਉਠਿਆ ਜਾਵੇ ਨਾ, ਫਿੱਟੇ ਮੂੰਹ ਗੋਡਿਆਂ ਦੇ
ਕੰਮ ਆਪ ਤੋਂ ਨਾ ਹੋਵੇ ਪਰ ਦੋਸ਼ ਕਿਸੇ ਹੋਰ ਨੂੰ ਦੇਣਾ ।
ਊਠ ਅੜਾਉਂਦੇ ਹੀ ਲੱਦੀਦੇ ਹਨ
ਜਦ ਕਿਸੇ ਤੋਂ ਉਹਦੇ ਨਾਂਹ-ਨੁੱਕਰ ਕਰਦਿਆਂ ਹੀ ਕੰਮ ਲੈਣਾ ਹੋਵੇ ।
ਅੱਖਰ ਇਕ ਨਾ ਜਾਣਦਾ ਨਾਂ ਇਲਮਦੀਨ
ਜਦੋਂ ਕਿਸੇ ਬੰਦੇ ਦਾ ਨਾਂ ਤੇ ਮਸ਼ਹੂਰੀ ਤਾਂ ਬਹੁਤ ਹੋਵੇ ਪਰ ਅਸਲ ਵਿਚ ਤੇ ਕਰਤੂਤਾਂ ਵਿਚ ਮਾੜਾ ਹੋਵੇ।
ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ
ਸੱਚੇ ਆਦਮੀ ਨੂੰ ਡਰ-ਡਰ, ਲੁਕ-ਲੁਕ ਬਹਿਣ ਦੀ ਲੋੜ ਨਹੀਂ।
ਉਤਾਵਲਾ ਸੋ ਬਾਵਲਾ
ਕਾਹਲਾ ਪੈਣ ਨਾਲ, ਦਿਮਾਗ ਸੋਚਣ ਜੋਗਾ ਨਹੀਂ ਰਹਿ ਜਾਂਦਾ ।
ਊਠ ਤੇ ਚੜ੍ਹੀ ਨੂੰ ਕੁੱਤਾ ਵੱਢ ਖਾਊ ?
ਜਿਹੜਾ ਆਦਮੀ ਹਰ ਤਰ੍ਹਾਂ ਦੇ ਖਤਰੇ ਤੋਂ ਲੱਗਦੀ ਵਾਹ ਸੁਰਖਿਅਤ ਹੋਵੇ, ਉਹਨੂੰ ਕਾਹਦਾ ਡਰ ?
ਅੱਖੀਉਂ ਦੂਰ ਤਾਂ ਦਿਲੋਂ ਦੂਰ
ਜਦੋਂ ਕਿਸੇ ਦੂਰ ਵਸਦੇ ਵਿਅਕਤੀ ਬਾਰੇ ਕਿਸੇ ਪ੍ਰਕਾਰ ਦੀ ਜਾਣਕਾਰੀ ਨਾ ਹੋਣ ਦਾ ਸੰਕੇਤ ਦੇਣਾ ਹੋਵੇ।
ਅੰਨ੍ਹਾ ਅੰਨ੍ਹੇ ਨੂੰ ਕੀ ਰਾਹ ਦਸੇਗਾ
ਜਿਹੜਾ ਬੰਦਾ ਆਪ ਅਗਿਆਨੀ ਹੋਵੇ ਉਹ ਦੂਜੇ ਬੰਦੇ ਦੀ ਕਿਵੇਂ ਅਗਵਾਈ ਕਰ ਸਕਦਾ ਹੈ।