ਰੁੜ੍ਹਦਾ ਖ਼ਰਬੂਜਾ, ਪਿੱਤਰਾਂ ਦੇ ਨਮਿੱਤ
ਖ਼ਰਾਬ ਹੋਈ ਚੀਜ਼ ਕਿਸੇ ਨੂੰ ਦੇ ਕੇ ਅਹਿਸਾਨ ਕਰਨਾ।
ਲਾਜ ਮਰੇਂਦਾ ਅੰਦਰ ਵੜੇ, ਮੂਰਖ ਆਖੇ ਮੈਥੋਂ ਡਰੇ
ਜਦ ਕੋਈ ਕੁਪੱਤਾ ਮੂਰਖ ਆਦਮੀ ਕਿਸੇ ਸਾਊ ਬੰਦੇ ਨੂੰ ਸਤਾਵੇ, ਅਤੇ ਉਹ ਅੱਗੋਂ ਆਪਣੀ ਇੱਜ਼ਤ ਦਾ ਖਿਆਲ ਕਰਕੇ ਚੁੱਪ ਰਹੇ, ਤੇ ਇਹ ਵੇਖ ਕੇ ਮੂਰਖ ਹੋਰ ਵੀ ਮੱਛਰ ਜਾਵੇ, ਤਾਂ ਕਹਿੰਦੇ ਹਨ।
ਲੰਮੀ ਜੀਭ ਤੇ ਛੇਤੀ ਮੌਤ
ਜਦ ਕੋਈ ਐਵੇਂ ਵਾਧੂ ਘਾਟੂ ਗੱਲਾਂ ਕਰੀ ਜਾਵੇ ਅਤੇ ਅਜੇਹੇ ਸੁਭਾ ਦੇ ਕਾਰਨ ਦੁਖੀ ਹੋਵੇ ਤਾਂ ਕਹਿੰਦੇ ਹਨ।
ਵਾਹੁੰਦਿਆ ਦੀ ਜੋਗ ਗਈ ਤੇ ਚੋਬਰਾਂ ਦੇ ਜੰਮ ਪਈ
ਜਦ ਕੋਈ ਜਣਾ ਮਿਹਨਤ ਕਰ ਕਰ ਕੇ ਖਪਦਾ ਰਹੇ, ਪਰ ਉਹਨੂੰ ਤਾਂ ਹੱਥ ਕੁਝ ਵੀ ਨਾ ਆਵੇ, ਤੇ ਵਿਹਲੜ ਹੱਥ ਰੰਗ ਬਹਿਣ, ਤਾਂ ਕਹਿੰਦੇ ਹਨ।
ਵਾਹ ਕਰਮਾਂ ਦਿਆ ਬਲੀਆ, ਰਿੱਧੀ ਖੀਰ ਤੇ ਹੋ ਗਿਆ ਦਲੀਆ
ਜਦ ਕੋਈ ਜਤਨ ਚੰਗੇ ਫਲ ਲਈ ਕਰੇ, ਪਰ ਮਿਲੇ ਉਹਨੂੰ ਘਟੀਆ, ਤਾਂ ਕਹਿੰਦੇ ਹਨ।
ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ
ਖਾਰੇ ਖੂਹ ਨਾ ਹੁੰਦੇ ਮਿੱਠੇ, ਭਾਵੇਂ ਸੌ ਮਣ ਗੁੜ ਘੱਤੀਏ। ਨਿੰਮ ਨਾ ਮਿੱਠੀ ਹੋਂਵਦੀ ਸ਼ੱਕਰ ਘੀ ਨਾਲ
ਵੰਝਲੀ ਦਾ ਕੀ ਵਜਾਉਣਾ, ਮੂੰਹ ਹੀ ਵਿੰਗਾ ਕਰਨਾ ਹੈ
ਜਦ ਕੋਈ ਆਦਮੀ ਕਿਸੇ ਔਖੇ ਕੰਮ ਬਾਰੇ ਆਖੇ ਕਿ ਇਹ ਬੜਾ ਸੌਖਾ ਹੈ, ਉਹਨੂੰ ਮਖੌਲ ਵਜੋਂ ਕਹਿੰਦੇ ਹਨ।
ਲੜੀ ਘਰਦਿਆਂ ਨਾਲ, ਤੇ ਦਾਦੇ ਪਿੱਟੇ ਗੁਆਂਢੀਆਂ ਦੇ (ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ)
ਕੋਠੇ ਤੋਂ ਡਿੱਗ ਪਈ ਤੇ ਵਿਹੜੇ ਨਾਲ ਰੁੱਸ ਪਈ।
ਲੇਖਾ ਮਾਵਾਂ ਧੀਆਂ ਦਾ, ਟਕਾ ਲੇਖ ਬਖਸ਼ੀਸ਼
ਲੇਖਾ ਕਰਨ ਲੱਗੀਏ ਤਾਂ ਪੂਰਾ ਪੂਰਾ ਕਰੀਏ, ਲੇਖੇ ਵਿਚ ਲਿਹਾਜ਼ ਨਹੀ ਕੀਤਾ ਜਾ ਸਕਦਾ, ਉਂਜ ਦਾਨ ਜਾਂ ਛੱਡ ਜਿੰਨੀ ਦਿਲ ਆਵੇ ਕਰ ਦੇਈਏ।
ਲਿਖੇ ਮੂਸਾ ਪੜ੍ਹੇ ਖੁਦਾ
ਜਦ ਕਿਸੇ ਦੀ ਲਿਖਤ ਭੈੜੀ ਹੋਵੇ ਤੇ ਕਿਸੇ ਤੋਂ ਪੜ੍ਹੀ ਨਾ ਜਾ ਸਕੇ ।