ਕੁੱਛੜ ਕੁੜੀ ਸ਼ਹਿਰ ਢੰਡੋਰਾ
ਜਦੋਂ ਕੋਈ ਕਿਸੇ ਕੋਲ ਪਈ ਚੀਜ਼ ਨੂੰ ਲਭਦਾ ਫਿਰੇ ਤਾਂ ਵਰਤਿਆ ਜਾਂਦਾ ਹੈ।
ਕੁੱਤਾ ਭੌਂਕਦਾ ਕਾਰਖਾਨਾ ਚੱਲਦਾ
ਚੰਗੇ ਆਦਮੀ ਦੀ ਨਿੰਦਾ-ਚੁਗਲੀ ਕਰਨ ਨਾਲ ਚੰਗੇ ਬੰਦੇ ਦੀ ਚੰਗਿਆਈ ਵਿਚ ਕੋਈ ਫ਼ਰਕ ਨਹੀਂ ਪੈਂਦਾ।
ਕੁੱਤਾ ਰਾਜ ਬਹਾਲੀਏ, ਫਿਰ ਚੱਕੀ ਚੱਟੈ
ਜੇ ਮਮੂਲੀ ਤੇ ਘਟੀਆ ਹੈਸੀਅਤ ਵਾਲੇ ਬੰਦੇ ਨੂੰ ਬਹੁਤ ਉੱਚੀ ਪਦਵੀ ਦਿੱਤੀ ਜਾਵੇ, ਤਾਂ ਉਹ ਆਪਣੀ ਖ਼ਸਲਤ ਮੁਤਾਬਕ ਹੀ ਵਰਤੋਂ ਵਰਤਾਰਾ ਕਰਦਾ ਹੈ।
ਕੁੱਤਾ ਰੋਟੀ ਲੈ ਗਿਆ ਭਗਵਾਨ ਤੇਰੇ ਲੇਖੇ
ਕੰਜੂਸ ਦਾ ਨੁਕਸਾਨ ਹੋ ਜਾਵੇ ਤੇ ਉਹ ਕਹਿ ਦੇਵੇ ਕਿ ਮੈਂ ਦਾਨ ਕੀਤਾ ਹੈ ।
ਕੁੱਤਾ ਵੀ ਪੂਛ ਮਾਰ ਕੇ ਬਹਿੰਦਾ ਹੈ
ਇਹ ਅਖਾਣ ਸਫਾਈ ਦੀ ਸਿਖਿਆ ਦੇਣ ਲਈ ਵਰਤੀ ਜਾਂਦੀ ਹੈ।
ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ
ਪੱਕ ਚੁੱਕਿਆ ਜਾਂ ਜੁਮਾਂਦਰੂ ਸੁਭਾ ਤਬਦੀਲ ਨਹੀਂ ਹੁੰਦਾ।
ਕੁੱਤੇ ਦੀ ਪੂਛ ਨੂੰ ਬਾਰਾਂ ਵਰ੍ਹੇ ਵੰਝਲੀ ਵਿਚ ਪਾ ਛੱਡਿਆ, ਉਹ ਫੇਰ ਵੀ ਵਿੰਗੀ ਦੀ ਵਿੰਗੀ
ਪੱਕ ਚੁੱਕਿਆ ਜਾਂ ਜੁਮਾਂਦਰੂ ਸੁਭਾ ਤਬਦੀਲ ਨਹੀਂ ਹੁੰਦਾ।
ਕੁੱਤੇ ਦੀ ਮੌਤ ਆਉਂਦੀ ਹੈ ਤਾਂ ਉਹ ਜਾ ਮਸੀਤੇ ਹੱਗਦਾ ਹੈ
ਜਦ ਕਿਸੇ ਦੇ ਦਿਨ ਭੈੜੇ ਹੋਣ ਤਾਂ ਉਹਦੀ ਮੱਤ ਮਾਰੀ ਜਾਂਦੀ ਹੈ, ਅਤੇ ਉਹ ਅਜੇਹੀ ਕਰਤੂਤ ਕਰਦਾ ਹੈ ਜਿਸ ਤੋਂ ਉਹਨੂੰ ਬਹੁਤ ਨੁਕਸਾਨ ਹੁੰਦਾ ਹੈ।
ਕੁੱਤੇ ਨੂੰ ਹੱਡੀ ਦਾ ਸਵਾਦ
ਜਦੋਂ ਕੋਈ ਮਨੁੱਖ ਆਪਣੇ ਨੁਕਸਾਨ ਬਾਰੇ ਜਾਣਦੇ ਹੋਏ ਵੀ ਭੈੜਾ ਕੰਮ ਜਾਂ ਐਬ ਨਾ ਛੱਡੇ ਤਾਂ ਵਰਤਦੇ ਹਨ।
ਕੁੱਤੇ ਨੂੰ ਘਿਉ ਨੀ ਪਚਦਾ
ਜੇਕਰ ਕਿਸੇ ਬੰਦੇ ਨੂੰ ਪਿਆਰ/ਖੁਸ਼ੀ/ਸੁੱਖ ਹਜ਼ਮ ਨਾ ਹੋਵੇ ਤਾਂ ਵਰਤਿਆ ਜਾਂਦਾ ਹੈ।