ਕੁੱਤੇ ਭੌਂਕਣ ਤਾਂ ਚੰਦ ਨੂੰ ਕੀ ?
ਬੰਦੇ ਦਾ ਥੁੱਕਿਆ ਚੰਦ ਤੀਕ ਨਹੀਂ ਅੱਪੜਦਾ, ਸੱਚੇ ਸੁੱਚੇ ਆਦਮੀ ਦੀ ਲੋਕੀਂ ਭਾਵੇਂ ਕਿੰਨੀ ਨਿੰਦਿਆ ਪਏ ਕਰਨ ਉਹ ਉਹਦਾ ਕੁਝ ਨਹੀਂ ਵਿਗਾੜ ਸਕਦੇ।
ਹਾੜ੍ਹ ਸੁੱਕੇ ਨਾ ਸਾਉਣ ਹਰੇ
ਜਦੋਂ ਹਾਲਤ ਹਮੇਸ਼ਾ ਇਕੋ ਵਰਗੀ ਰਹੇ ।
ਹਾਂ ਜੀ, ਹਾਂ ਜੀ ਕਹਿਣਾ ਸਦਾ ਸੁਖੀ ਰਹਿਣਾ
ਨਿਉਂ ਕੇ ਅਗਲੇ ਦਾ ਆਦਰ ਸਤਕਾਰ ਕਰ ਕੇ, ਵਰਤਣਾ ਵਿਚਰਨਾ ਸੁਖੀ ਰਹਿਣ ਦਾ ਸਾਧਨ ਵਸੀਲਾ ਹੈ।
ਹਾਂਡੀ ਉਬਲੇਗੀ, ਤਾਂ ਆਪਣੇ ਹੀ ਕੰਢੇ ਸਾੜੇਗੀ
ਮਾੜੇ ਨਿਤਾਣੇ ਬੰਦੇ ਦਾ ਗੁੱਸਾ ਉਹਨੂੰ ਹੀ ਸਾੜਦਾ ਭੁੰਨਦਾ ਤੇ ਦੁਖੀ ਕਰਦਾ ਹੈ, ਹੋਰ ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ।
ਹਿੰਗ ਲੱਗੇ ਨਾ ਲੱਗੇ ਨਾ ਫਟਕੜੀ, ਰੰਗ ਚੋਖਾ ਆਵੇ
ਜਦ ਇਹ ਕਹਿਣਾ ਹੋਵੇ ਕਿ ਕੋਈ ਕੰਮ ਮੁਫ਼ਤੋ-ਮੁਫ਼ਤੀ ਹੋ ਜਾਏਗਾ ।
ਹਿਲੇ ਨੂੰ ਹਿਲਾਈਏ ਨਾ, ਹਿਲੇ ਦਾ ਭਾਅ ਗਵਾਈਏ ਨਾ
ਕਿਸੇ ਨੂੰ ਸਿਰ ਨਹੀਂ ਚਾੜ੍ਹਨਾ ਚਾਹੀਦਾ, ਪਰ ਜੇ ਗਿੱਝ ਜਾਵੇ ਤਾਂ ਤਰੀਕੇ ਨਾਲ ਸਮਝਾਉਣਾ ਚਾਹੀਦਾ ਹੈ।
ਹੀਲੇ ਰਿਜਕ, ਬਹਾਨੇ ਮੌਤ
ਹੱਥ ਪੈਰ ਹਿਲਾਇਆਂ ਬਿਨਾਂ ਕੁਝ ਨਹੀਂ ਬਣਦਾ।
ਹੋਇਆ ਤਾਂ ਈਦ ਨਹੀਂ ਤਾਂ ਰੋਜ਼ਾ
ਜਿਹੜੇ ਮਨੁੱਖ ਪੈਸਾ ਹੋਣ ਤੇ ਐਸ਼ ਕਰਦੇ ਹਨ ਅਤੇ ਪੈਸੇ ਮੁਕਣ ਮਗਰੋਂ ਭੁੱਖਾ ਕਟਦੇ ਹਨ, ਉਨ੍ਹਾਂ ਲਈ ਵਰਤਿਆ ਜਾਂਦਾ ਹੈ।
ਹੋਰੀ ਨੂੰ ਹੋਰੀ ਦੀ, ਅੰਨ੍ਹੇਂ ਨੂੰ ਡੰਗੋਰੀ ਦੀ
ਜਿਸ ਸ਼ੈ ਦੀ ਕਿਸੇ ਨੂੰ ਲੋੜ ਹੁੰਦੀ ਹੈ, ਉਹਨੂੰ ਉਸੇ ਦਾ ਹੀ ਖਿਆਲ ਫਿਕਰ ਰਹਿੰਦਾ ਹੈ।
ਕਣਕ ਖੇਤ, ਕੁੜੀ ਪੇਟ, ਆ ਜਵਾਈਆ ਮੰਡੇ ਖਾ
ਅਜੇ ਹੱਥ ਪੱਲੇ ਕੁਝ ਵੀ ਨਹੀਂ ਆਇਆ ਹੋਣਾ, ਕੇਵਲ ਆਸਾਂ ਦੇ ਆਸਰੇ ਖਰਚ ਕਰਨ ਅਤੇ ਜੁੰਮੇਵਾਰੀਆਂ ਚੁੱਕਣ ਲੱਗ ਪੈਣਾ।