ਆਪਣੀਆਂ ਜੁੱਤੀਆਂ ਤੇ ਆਪਣਾ ਸਿਰ
ਆਪਣੀ ਹੱਥੀਂ ਆਪਣਾ ਨੁਕਸਾਨ ਕਰਨਾ ।
ਆਪਣੀਆਂ ਨਾ ਦੱਸਾਂ, ਤੇ ਪਰਾਈਆਂ ਕਰ ਕਰ ਹੱਸਾਂ
ਆਪਣੀ ਭੁੱਲ ਜਾਂ ਕਮਜ਼ੋਰੀ ਲੁਕਾਉਣੀ ਤੇ ਹੋਰਨਾ ਦੇ ਨੁਕਸ ਕੱਢ ਕੇ ਖੁਸ਼ ਹੋਣਾ।
ਆਪਣੇ ਘਰ ਗਿਦੜ ਵੀ ਸ਼ੇਰ ਹੁੰਦਾ ਹੈ
ਕਮਜ਼ੋਰ ਤੋਂ ਕਮਜ਼ੋਰ ਮਨੁੱਖ ਵੀ ਆਪਣੇ ਘਰ ਬਹਾਦਰ ਬਣ ਜਾਂਦਾ ਹੈ।
ਆਪਣੇ ਘਰ ਪਕਾਈਂ ਨਾ, ਤੇ ਸਾਡੇ ਘਰ ਆਈਂ ਨਾ
ਅਗਲੇ ਨੂੰ ਅਜੇਹੇ ਲਾਰੇ ਲਾਈ ਜਾਣੇ ਕਿ ਨਾ ਉਹਦਾ ਕੰਮ ਆਪ ਕਰਨਾ ਤੇ ਨਾ ਹੀ ਉਹਨੂੰ ਆਪ ਕਰ ਲੈਣ ਦੇਣਾ।
ਉਤਾਵਲਾ ਸੋ ਬਾਵਲਾ
ਕਾਹਲਾ ਪੈਣ ਨਾਲ, ਦਿਮਾਗ ਸੋਚਣ ਜੋਗਾ ਨਹੀਂ ਰਹਿ ਜਾਂਦਾ ।
ਊਠ ਅੜਾਉਂਦੇ ਹੀ ਲੱਦੀਦੇ ਹਨ
ਜਦ ਕਿਸੇ ਤੋਂ ਉਹਦੇ ਨਾਂਹ-ਨੁੱਕਰ ਕਰਦਿਆਂ ਹੀ ਕੰਮ ਲੈਣਾ ਹੋਵੇ ।
ਊਠ ਤੇ ਚੜ੍ਹੀ ਨੂੰ ਕੁੱਤਾ ਵੱਢ ਖਾਊ ?
ਜਿਹੜਾ ਆਦਮੀ ਹਰ ਤਰ੍ਹਾਂ ਦੇ ਖਤਰੇ ਤੋਂ ਲੱਗਦੀ ਵਾਹ ਸੁਰਖਿਅਤ ਹੋਵੇ, ਉਹਨੂੰ ਕਾਹਦਾ ਡਰ ?
ਅੱਡ ਖਾਏ ਸੋ ਡੱਡ (ਹੱਡ) ਖਾਏ, ਵੰਡ ਖਾਏ ਸੋ ਖੰਡ ਖਾਏ
ਕੋਈ ਸ਼ੈ ਇੱਕਲਿਆਂ ਹੀ ਵਰਤਣ ਖਾਣ ਦੀ ਥਾਂ ਹੋਰਨਾਂ ਨਾਲ ਵੰਡ ਕੇ ਖਾਣ ਵਰਤਣ ਦੇ ਹੱਕ ਵਿਚ ਉਪਦੇਸ਼।
ਅੱਤ ਭਲਾ ਨਾ ਬੋਲਣਾ, ਅੱਤ ਨਾ ਭਲੀ ਚੁੱਪ, ਅੱਤ ਨਾ ਭਲਾ ਮੇਘਲਾ, ਅੱਤ ਨਾ ਭਲੀ ਧੁੱਪ
ਕਿਸੇ ਚੀਜ਼ ਦਾ ਬਹੁਤ ਜ਼ਿਆਦਾ ਹੋਣਾ ਨੁਕਸਾਨਦੇਹ ਹੁੰਦਾ ਹੈ ।
ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ
ਸੱਚੇ ਆਦਮੀ ਨੂੰ ਡਰ-ਡਰ, ਲੁਕ-ਲੁਕ ਬਹਿਣ ਦੀ ਲੋੜ ਨਹੀਂ।