ਊਠ ਤੇ ਚੜ੍ਹੀ ਨੂੰ ਕੁੱਤਾ ਵੱਢ ਖਾਊ ?
ਜਿਹੜਾ ਆਦਮੀ ਹਰ ਤਰ੍ਹਾਂ ਦੇ ਖਤਰੇ ਤੋਂ ਲੱਗਦੀ ਵਾਹ ਸੁਰਖਿਅਤ ਹੋਵੇ, ਉਹਨੂੰ ਕਾਹਦਾ ਡਰ ?
ਅੱਗ ਲਗੇ ਤੋਂ ਖੂਹ ਪੁੱਟਣਾ
ਜਦੋਂ ਐਨ ਲੋੜ ਵੇਲੇ ਚੀਜ਼ ਲਭਣੀ ਪਵੇ।
ਅੱਗ ਲੈਣ ਆਈ ਘਰ ਵਾਲੀ ਬਣ ਬੈਠੀ
ਕਿਸੇ ਦਾ ਕਿਸੇ ਹੋਰ ਦੀ ਸ਼ੈ ਉਪਰ ਬਦੋ-ਬਦੀ ਕਬਜ਼ਾ ਕਰ ਬਹਿਣਾ।
ਅੱਗਾ ਦੌੜ ਪਿੱਛਾ ਚੌੜ
ਕਈ ਵਾਰ ਛੇਤੀ ਕੰਮ ਮੁਕਾਉਣ ਲਗਿਆਂ ਕੋਈ ਦੂਜਾ ਕੰਮ ਵਿਗੜ ਜਾਂਦਾ ਹੈ ।
ਅੱਗੇ ਖ਼ੂਹ ਤੇ ਪਿੱਛੇ ਖਾਈ
ਜਦੋਂ ਕੋਈ ਵਿਅਕਤੀ ਕਿਸੇ ਮੁਸੀਬਤ ਵਿਚ ਹੋਵੇ ਜੇ ਨਿਕਲਣਾ ਵੀ ਚਾਹੇ ਤਾਂ ਫਿਰ ਵੀ ਮੁਸੀਬਤ ਹੀ ਨਜ਼ਰ ਆਵੇ।
ਅੱਗੇ ਡਿੱਗਿਆਂ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ
ਮਿੰਨਤ ਕਰਨ ਤੇ ਬਹਾਦੁਰ ਬਖ਼ਸ਼ ਦਿੰਦੇ ਹਨ ।
ਅੱਗੇ ਬੀਬੀ ਟੱਪਣੀ ਪਿੱਛੇ ਢੋਲਾਂ ਦੀ ਗੜਗੱਜ
ਜਦੋਂ ਕੋਈ ਬੇਕਾਬੂ ਸੁਭਾਅ ਦਾ ਮਾਲਕ ਹੋਵੇ, ਉਪਰੋਂ ਹਾਲਾਤ ਵੀ ਉਹੋ ਜਿਹੇ ਹੀ ਮਿਲ ਜਾਣ।
ਅੱਡ ਖਾਏ ਸੋ ਡੱਡ (ਹੱਡ) ਖਾਏ, ਵੰਡ ਖਾਏ ਸੋ ਖੰਡ ਖਾਏ
ਕੋਈ ਸ਼ੈ ਇੱਕਲਿਆਂ ਹੀ ਵਰਤਣ ਖਾਣ ਦੀ ਥਾਂ ਹੋਰਨਾਂ ਨਾਲ ਵੰਡ ਕੇ ਖਾਣ ਵਰਤਣ ਦੇ ਹੱਕ ਵਿਚ ਉਪਦੇਸ਼।
ਅੱਤ ਭਲਾ ਨਾ ਬੋਲਣਾ, ਅੱਤ ਨਾ ਭਲੀ ਚੁੱਪ, ਅੱਤ ਨਾ ਭਲਾ ਮੇਘਲਾ, ਅੱਤ ਨਾ ਭਲੀ ਧੁੱਪ
ਕਿਸੇ ਚੀਜ਼ ਦਾ ਬਹੁਤ ਜ਼ਿਆਦਾ ਹੋਣਾ ਨੁਕਸਾਨਦੇਹ ਹੁੰਦਾ ਹੈ ।
ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ
ਸੱਚੇ ਆਦਮੀ ਨੂੰ ਡਰ-ਡਰ, ਲੁਕ-ਲੁਕ ਬਹਿਣ ਦੀ ਲੋੜ ਨਹੀਂ।