ਆਪਣਾ ਮਾਰੇਗਾ ਤਾ ਛਾਵੇਂ ਸੁਟੇਗਾ
ਬਿਗ਼ਾਨੇ ਨਾਲੋਂ ਆਪਣਾ ਹੀ ਚੰਗਾ ਹੁੰਦਾ ਹੈ ਭਾਵੇਂ ਦੁਸ਼ਮਣ ਕਿਉਂ ਨਾ ਹੋਵੇ।
ਆਪੇ ਹੀ ਮੈਂ ਰੱਜੀ-ਪੁੱਜੀ ਆਪੇ ਮੇਰੇ ਬੱਚੇ ਜੀਉਣ
ਜਿਸ ਵਿਚ ਗੁਣ ਤਾਂ ਨਾ ਹੋਣ, ਪਰ ਆਪੇ ਆਪਣੀਆਂ ਤੇ ਆਪਣਿਆਂ ਦੀਆਂ ਤਾਰੀਫਾਂ ਕਰੀ ਜਾਵੇ ।
ਅੰਨ੍ਹੀ ਅੰਨ੍ਹਾ ਰਲਿਆ, ਤਾਂ ਝੁੱਗਾ ਗਲਿਆ
ਜੇ ਵਹੁਟੀ ਤੇ ਘਰ ਵਾਲਾ ਦੋਵੇਂ ਹੀ ਭੈੜੇ ਜਾਂ ਬੇਸਮਝ ਹੋਣ, ਤਾਂ ਘਰ ਦਾ ਮੂੰਹ ਦੂਜੇ ਪਾਸੇ ਲੱਗ ਜਾਂਦਾ ਹੈ।
ਆਪ ਬੁੱਝੇ ਬੱਤੀ ਸੁਲੱਖਣਾ, ਦਿੱਤੀ ਲਵੇ ਤਾਂ ਤੇਤੀ ਸੁਲੱਖਣਾ
ਜਿਹੜਾ ਆਪਣੀ ਮੱਤ ਸਿਆਣਪ ਦੇ ਆਸਰੇ ਕੰਮ ਠੀਕ ਕਰ ਲਵੇ ਉਹ ਬੜਾ ਚੰਗਾ ਹੁੰਦਾ ਹੈ ਪਰ ਜਿਹੜਾ ਕਿਸੇ ਦੀ ਮੱਤ ਸਲਾਹ ਮੰਨ ਕੇ ਕੰਮ ਕਰ ਲਵੇ, ਉਹ ਹੋਰ ਵੀ ਵਧੇਰੇ ਚੰਗਾ ਹੁੰਦਾ ਹੈ।
ਆਪਣਿਆਂ ਦੇ ਗਿੱਟੇ ਭੰਨਾਂ, ਚੁੰਮਾਂ ਪੈਰ ਪਰਾਇਆਂ ਦੇ
ਆਪਣੇ ਸਾਕਾਂ ਸਨਬੰਧੀਆਂ ਨੂੰ ਨੁਕਸਾਨ ਪਹੁੰਚਾਉਣਾ ਤੇ ਉਹਨਾ ਨਾਲ ਭੈੜੇ ਸਲੂਕ ਕਰਨਾ, ਪਰ ਓਪਰਿਆਂ ਨੂੰ ਚੰਗਾ ਜਾਣਨਾ ਤੇ ਉਹਨਾ ਦਾ ਆਦਰ ਸਤਕਾਰ ਕਰਨਾ।
ਆਬ ਆਬ ਕਰ ਮੋਇਓਂ ਬੱਚਾ ਫ਼ਾਰਸੀਆਂ ਘਰ ਗਾਲ਼ੇ
ਜਦੋਂ ਕੋਈ ਵਿਅਕਤੀ ਆਪਣੀ ਬੋਲੀ ਛੱਡ ਕੇ ਓਪਰੀ ਬੋਲੀ ਬੋਲਣ ਲੱਗ ਪਏ।
ਅੰਨ੍ਹੀ ਕੁਕੜੀ ਖਸ-ਖਸ ਦਾ ਚੋਗਾ
ਕਿਸੇ ਦਾ ਅਜੇਹੇ ਕੰਮ ਨੂੰ ਹੱਥ ਪਾ ਬਹਿਣਾ, ਜਿਸ ਨੂੰ ਉਹ ਮੂਲੋਂ ਹੀ ਕਰਨ ਜੋਗਾ ਨਾ ਹੋਵੇ ।
ਆਪ ਬੀਬੀ ਕੋਕਾਂ, ਮੱਤੀ ਦੇਵੇ ਲੋਕਾਂ ਜਾਂ ਆਪ ਨਾ ਵੱਸੀ ਸਹੁਰੇ, ਲੋਕਾ ਮੱਤੀ ਦੇ
ਜਦੋਂ ਕੋਈ ਕਿਸੇ ਨੂੰ ਚੰਗਾ ਬਣਨ ਦੇ ਉਪਦੇਸ ਦੇਵੇ, ਪਰ ਆਪ ਉਸ ਦੇ ਉਲਟ ਕੰਮ ਕਰੇ।
ਆਪਣੀ ਅਕਲ ਤੇ ਪਰਾਇਆ ਧਨ ਹਰ ਕਿਸੇ ਨੂੰ ਕਈ ਗੁਣਾ ਵੱਧ ਵਿਖਾਈ ਦੇਂਦਾ ਹੈ
ਜਦ ਕੋਈ ਅਗਲਿਆਂ ਦੇ ਨੁਕਸ ਕੱਢੇ ਤੇ ਉਹਨਾਂ ਨੂੰ ਅਕਲਹੀਣ ਆਖੇ, ਪਰ ਹੋਰਨਾਂ ਦੇ ਧਨ ਨੂੰ ਵੱਧ ਦੱਸੇ ਤੇ ਆਪਣੇ ਨੂੰ ਲੁਕਾਵੇ ਤੇ ਥੋੜ੍ਹਾ ਦੱਸੇ ।
ਆਲਿਆਂ ਭੋਲਿਆਂ ਦਾ ਰੱਬ ਰਾਖਾ
ਸਾਧਾਰਨ ਲੋਕ ਚੁਗਲੀ ਚਲਾਕੀ ਨਹੀਂ ਵਰਤਦੇ ਪ੍ਰੰਤੂ ਰੱਬ ਉਹਨਾਂ ਦੀ ਸਹਾਇਤਾ ਕਰਦਾ ਹੈ।