ਖਾਧਿਆਂ ਖ਼ੂਹ ਵੀ ਖਾਲੀ ਹੋ ਜਾਂਦੇ ਨੇ
ਵਿਹਲੇ ਬਹਿ ਕੇ ਖਾਣ ਨਾਲ ਤਾਂ ਜੋੜਿਆ ਧੰਨ ਵੀ ਮੁੱਕ ਜਾਂਦਾ ਹੈ।
ਖਾਲੀ ਸੰਖ ਵਜਾਵੇ ਦੀਪਾ
ਜਦ ਕੋਈ ਬੰਦਾ ਫੋਕੀਆਂ ਫੜ੍ਹਾਂ ਮਾਰੇ, ਤਾਂ ਉਸ ਤੇ ਘਟਾਉਂਦੇ ਹਨ।
ਖਾਂਦੇ ਨੂੰ ਖਾਣ ਨਾ ਦੇਣਾ ਤੇ ਲੈਂਦੇ ਨੂੰ ਲੈਣ ਨਾ ਦੇਣਾ
ਕਿਸੇ ਗ਼ਰੀਬ ਦੀ ਮਾੜੀ ਮੋਟੀ ਖੁਸ਼ੀ ਤੇ ਨਾ ਹੀ ਉਸਦੇ ਚੰਗੇ ਦਿਨਾਂ ਨੂੰ ਆਉਂਦੇ ਵੇਖ ਕੇ ਖੁਸ਼ ਹੋਣਾ।
ਖੁਦਾ ਨੇੜੇ ਕਿ ਘਸੁੰਨ ?
ਡਾਢੇ ਦਾ ਸੱਤੀਂ ਵੀਹੀਂ ਸੌ। ਰੱਬ ਦਾ ਵਾਸਤਾ ਸੁਣ ਕੇ ਉੱਨਾ ਕੰਮ ਨਹੀਂ ਕਰਦੇ ਤੇ ਆਖੇ ਨਹੀਂ ਲੱਗਦੇ ਜਿੰਨਾ ਘਸੁੰਨ ਕੁਟਾਪੇ ਦੇ ਡਰ ਤੋਂ ਕਰਦੇ ਹਨ।
ਖੂਹ ਦੀ ਮਿੱਟੀ ਖੂਹ ਨੂੰ ਹੀ ਲੱਗ ਜਾਂਦੀ ਹੈ
ਏਥੋਂ ਜਿੰਨੀ ਖੱਟੀ ਹੁੰਦੀ ਹੈ ਉੱਨਾ ਹੀ ਏਥੇ ਖਰਚ ਆ ਜਾਂਦਾ ਹੈ।
ਖੂਹ ਪੁੱਟਦੇ ਨੂੰ ਖਾਤਾ ਤਿਆਰ
ਜਿਹੜਾ ਆਦਮੀ ਕਿਸੇ ਦੇ ਰਾਹ ਵਿਚ ਕੰਡੇ ਬੀਜਦਾ ਹੈ, ਉਹਦੇ ਆਪਣੇ ਪੈਰ ਵੀ ਵਿੰਨ੍ਹੇ ਜਾਂਦੇ ਹਨ। ਕਿਸੇ ਦਾ ਬੁਰਾ ਕਰਨ ਵਾਲੇ ਦਾ ਵੀ ਬੁਰਾ ਹੀ ਹੁੰਦਾ ਹੈ।
ਖੇਤੀ ਖਸਮਾਂ ਸੇਤੀ
ਵਾਹੀ ਜਾਂ ਹੋਰ ਕਾਰ-ਵਿਹਾਰ ਵਿਚ ਤਾਂ ਹੀ ਸਫਲਤਾ ਹੁੰਦੀ ਹੈ ਜੇ ਮਾਲਕ ਸਿਰ ਹੋ ਕੇ ਕੰਮ ਕਰੇ ਕਰਾਵੇ।