ਗਿੱਦੜ ਦੇ ਗੂੰਹ ਦੀ ਲੋੜ ਪਈ ਤਾਂ ਆਖੇ ਯਾਰ ਪਹਾੜੀਂ ਹੱਗਦੇ ਨੇ
ਜਦ ਕਿਸੇ ਮਾਮੂਲੀ ਜਿਹੇ ਆਦਮੀ ਦੀ ਮਾਮੂਲੀ ਜੇਹੀ ਸਹਾਇਤਾ ਦੀ ਲੋੜ ਪਵੇ, ਤੇ ਉਹ ਅੱਗੋਂ ਆਕੜ ਕੇ ਨਾਂਹ ਕਰ ਦੇਵੇ ।
ਗਊ ਪੁੰਨ ਦੀ, ਦੰਦ ਕੌਣ ਗਿਣੇ
ਮੁਫਤ ਦੀ ਚੀਜ਼ ਮਿਲੇ ਤਾਂ ਉਸ ਦੀ ਪੜਤਾਲ ਕੌਣ ਕਰਦਾ ਹੈ ।
ਗੁੜ ਘਿਉ ਮੈਦਾ ਤੇਰਾ, ਜਲ ਫੂਕ ਬਸੰਤਰ ਮੇਰਾ
ਜਦ ਕੋਈ ਆਦਮੀ ਹਿੱਸਾ ਤਾਂ ਪੂਰਾ ਲੈਣਾ ਚਾਹੇ ਪਰ ਖਰਚ ਦੀ ਵਾਰੀ ਪਿਛਾਂਹ ਹਟੇ ।
ਗਏ ਨਿਮਾਣੇ ਰੋਜੜੇ ਰਹਿ ਗਏ ਨੌ ਤੇ ਵੀਹ
ਜਦੋਂ ਕੰਮ ਤਾਂ ਬਹੁਤ ਸਾਰਾ ਬਾਕੀ ਪਿਆ ਹੋਵੇ, ਪਰ ਕੰਮ ਕਰਨ ਵਾਲਾ ਇਉਂ ਦੱਸੇ, ਜਿਵੇਂ ਮੁੱਕਣ ਵਾਲਾ ਹੋਵੇ ਤਾਂ ਹਾਸ ਰਸ ਵਿਚ ਕਹਿੰਦੇ ਹਨ।
ਗੁੜ ਦਿੱਤਿਆਂ ਮਰੇ ਤਾਂ ਮਹੁਰਾ ਕਿਉਂ ਦੇਈਏ ?
ਜਦ ਕੋਈ ਕੰਮ ਮਿੱਠੇ ਢੰਗ ਨਾਲ ਕੀਤਾ ਜਾ ਸਕਦਾ ਹੋਵੇ, ਤਾਂ ਅਗਲੇ ਨੂੰ ਔਖਿਆਂ ਕਰ ਕੇ ਉਹ ਕੰਮ ਲੈਣ ਦੀ ਕੀ ਲੋੜ ?
ਗ਼ਰੀਬ ਦੀ ਜੋਰੂ, ਜਣੇ ਖਣੇ ਦੀ ਭਾਬੀ
ਮਾੜੇ ਮਨੁੱਖ ਦੀ ਚੀਜ਼ ਨੂੰ ਹਰ ਕੋਈ ਧੱਕੇ ਨਾਲ ਵਰਤਣ ਦੀ ਕੋਸ਼ਿਸ਼ ਕਰਦਾ ਹੈ।
ਗੁਰੂ ਬਿਨਾ ਗਤ ਨਹੀਂ ਸ਼ਾਹ ਬਿਨਾ ਪਤ ਨਹੀਂ
ਜਿਵੇਂ ਗੁਰੂ ਹੀ ਮਨੁੱਖ ਦਾ ਰਾਹ ਦਸੇਰਾ ਬਣਦਾ ਹੈ ਉਵੇਂ ਹੀ ਕਿਸੇ ਔਖੇ ਵੇਲੇ ਸ਼ਾਹ ਕੋਲੋਂ ਹੀ ਉਧਾਰ ਲਿਆਂ ਇੱਜ਼ਤ ਬਚਾਈ ਜਾ ਸਕਦੀ ਹੈ।
ਗ਼ਰੀਬ ਨੂੰ ਰੱਬ ਦੀ ਮਾਰ
ਗ਼ਰੀਬ ਆਦਮੀ ਨੂੰ ਵਧੇਰੇ ਦੁੱਖ ਸਹਿਣੇ ਪੈਂਦੇ ਹਨ।
ਗੂੰਗੇ ਦੀਆਂ ਸੈਨਤਾਂ ਗੂੰਗੇ ਦੀ ਮਾਂ ਹੀ ਜਾਣੇ
ਜਦ ਕੋਈ ਜਣਾ ਕੋਈ ਗੋਲ ਮੋਲ ਜਿਹੀ ਗੱਲ ਕਰੇ ਜਿਸ ਦੀ ਆਮ ਲੋਕਾਂ ਨੂੰ ਸਮਝ ਨਾ ਆਵੇ ।
ਗ਼ਰੀਬ ਰੱਖੇ ਰੋਜ਼ੇ, ਦਿਨ ਵੱਡੇ ਆਏ
ਜਦ ਕੋਈ ਬੰਦਾ ਅਜੇਹਾ ਕੰਮ ਅਰੰਭ ਕਰੇ ਜਿਹੜਾ ਹੋਰ ਬਥੇਰੇ ਕਰਦੇ ਹੋਣ, ਪਰ ਉਹਨੂੰ ਹੋਰਨਾਂ ਨਾਲੋਂ ਵਧੇਰੇ ਔਖਿਆਈ ਦਾ ਟਾਕਰਾ ਕਰਨਾ ਪਵੇ ।