ਗੋਲੀ ਕਿਹਦੀ ਤੇ ਗਹਿਣੇ ਕਿਹਦੇ ?
ਅਸੀਂ ਤੁਹਾਡੇ ਹਾਂ ਅਤੇ ਸਾਡਾ ਸਭ ਕੁਝ ਤੁਹਾਡਾ ਹੀ ਹੈ, ਜਿਵੇਂ ਚਾਹੇ ਤਿਵੇਂ ਵਰਤੋ।
ਗਲ ਪਇਆ ਢੋਲ ਵਜਾਉਣਾ ਪੈਂਦਾ ਹੈ
ਸਿਰ ਪਿਆ ਕੰਮ ਔਖੇ ਹੋ ਕੇ ਵੀ ਕਰਨਾ ਪੈਂਦਾ ਹੈ।
ਗੋਲੀ ਕੋਲੋਂ ਬੋਲੀ ਬੁਰੀ
ਗੋਲੀ ਨਾਲ ਲਗਿਆ ਜ਼ਖ਼ਮ ਭਰ ਜਾਂਦਾ ਹੈ, ਪਰ ਜ਼ਬਾਨ ਨਾਲ ਬੋਲੀ ਭੈੜੀ ਗੱਲ ਨਹੀਂ ਭੁਲਦੀ।
ਗੱਲ ਹੋਈ ਪੁਰਾਣੀ, ਬੁਕਲ ਮਾਰ ਬੈਠੀ ਚੁਧਰਾਣੀ
ਜਦੋਂ ਕੋਈ ਬੰਦਾ ਨਮੋਸ਼ੀ ਵਾਲਾ ਕੋਈ ਕੰਮ ਕਰ ਕੇ ਕੁਝ ਚਿਰ ਤਾਂ ਸ਼ਰਮ ਮਹਿਸੂਸ ਕੇ ਪਿਛਾਂਹ ਪਿਛਾਂਹ ਰਹੇ, ਪਰ ਸਮਾਂ ਲੰਘ ਜਾਣ ਤੇ ਬੜਾ ਸਾਊ ਤੇ ਚੌਧਰੀ ਬਣ-ਬਣ ਬਹੇ, ਤਾਂ ਕਹਿੰਦੇ ਹਨ।
ਗੋਲੇ ਹੋ ਕੇ ਕਮਾਈਏ, ਤੇ ਵਿਹਲੇ ਹੋ ਕੇ ਖਾਈਏ
ਕਰ ਮਜੂਰੀ ਤੇ ਖਾ ਚੂਰੀ, ਕੰਮ ਦਿਲ ਲਾ ਕੇ ਕਰੀਏ ਤਾਂ ਹੀ ਫਲ ਸੁਆਦੀ ਲਗਦਾ ਹੈ।
ਗੱਲ ਕਹਿੰਦੀ ਹੈ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਘਰੋਂ ਕਢਾਊਂ
ਮੂੰਹੋਂ ਕੱਢੀ ਗੱਲ ਝੱਟ ਖਿੱਲਰ ਜਾਂਦੀ ਹੈ ਅਤੇ ਉਹ ਅਜੇਹੀ ਹੋਵੇ ਜਿਸ ਤੋਂ ਲੋਕ ਉਹ ਗੱਲ ਕਹਿਣ ਵਾਲੇ ਦੇ ਮਗਰ ਪੈ ਜਾਣ, ਤਾਂ ਉਹਨੂੰ ਔਖਿਆਂ ਹੋਣਾ ਪੈਂਦਾ ਹੈ।
ਗੌਂ ਭੁਨਾਵੇ ਜੌਂ, ਭਾਵੇਂ ਗਿੱਲੇ ਹੋਣ
ਮਤਲਬ ਲਈ ਮਨੁੱਖ ਨੂੰ ਸਭ ਕੁਝ ਕਰਨਾ ਪੈਂਦਾ ਹੈ ।
ਗੱਲ ਕਰਾਂ ਗੱਲ ਨਾਲ, ਤੇ ਨੱਕ ਵੱਢਾਂ ਵੱਲ ਨਾਲ; ਗੱਲ ਲਾਈਏ ਗਿੱਟੇ, ਕੋਈ ਰੋਵੇ ਕੋਈ ਪਿੱਟੇ
ਕਿਸੇ ਦੇ ਸਿਰ ਠਾਹ-ਸੋਟਾ ਮਾਰਨ ਦੀ ਥਾਂ ਗੱਲ ਅਜੇਹੇ ਸਿਆਣੇ ਢੰਗ ਨਾਲ ਕਿਸੇ ਨੂੰ ਲਾਉਣੀ ਕਿ ਉੱਤੋਂ ਉੱਤੋਂ ਉਹ ਬੁਰੀ ਨਾ ਲੱਗੇ ਪਰ ਜਦ ਉਹ ਬਹਿ ਕੇ ਸੋਚੇ, ਤਾਂ ਉਹਨੂੰ ਖੂਬ ਮਿਰਚਾਂ ਲੱਗਣ।
ਗੱਲੀਂ ਬਾਤੀਂ ਮੈਂ ਵੱਡੀ ਕਰਤੂਤੀਂ ਵੱਡੀ ਜਠਾਣੀ
ਜਿਹੜਾ ਬੰਦਾ ਫੋਕੀਆਂ ਫੜ੍ਹਾਂ ਮਾਰਦਾ ਫਿਰੇ ਪਰ ਹੱਥੀਂ ਕੁਝ ਵੀ ਨਾ ਕਰੇ, ਕੰਮ ਜਾਂ ਖਰਚ ਦੇ ਵੇਲੇ ਆਪ ਪਿਛਾਂਹ ਹਟ ਜਾਵੇ ਤੇ ਹੋਰ ਕਿਸੇ ਨੂੰ ਅੱਗੇ ਡਾਹਵੇ, ਤਾਂ ਉਸ ਬਾਰੇ ਕਹਿੰਦੇ ਹਨ।
ਗੰਗਾ ਗਈਆਂ ਹੱਡੀਆਂ ਕਦੇ ਵਾਪਸ ਨਹੀਂ ਔਂਦੀਆਂ
ਕਿਸੇ ਖਾਊ ਵਿਅਕਤੀ ਕੋਲ ਗਈ ਚੀਜ਼ ਕਦੇ ਵਾਪਿਸ ਨਹੀਂ ਆਉਂਦੀ।