ਬਾਹਰੋਂ ਆਇਆ ਕੱਤਣਾ ਤੇ ਘਰੋਂ ਪਿਆ ਘੱਤਣਾ
ਨਾਲੇ ਤਾਂ ਕਿਸੇ ਦਾ ਕੰਮ ਕਰਨਾ ਤੇ ਨਾਲੇ ਕੁਝ ਪੱਲਿਓਂ ਦੇਣਾ।
ਬੀਜਿਆ ਨਾ ਵਾਹਿਆ, ਘੜੰਮ ਪੱਲਾ ਡਾਹਿਆ
ਜਦ ਕੋਈ ਜਣਾ ਕਿਸੇ ਦੇ ਕੰਮ ਵਿਚ ਤਾਂ ਹਿੱਸਾ ਨਾ ਲਵੇ, ਪਰ ਇਸ ਕੰਮ ਦੇ ਫਲ ਵਿਚੋਂ ਧੱਕੇ ਨਾਲ ਹਿੱਸਾ ਮੰਗੇ, ਤਾਂ ਕਹਿੰਦੇ ਹਨ।
ਬਾਬਾਣੀਆ ਕਹਾਣੀਆ ਪੁੱਤ ਸਪੁੱਤ ਕਰੇਨ
ਨੇਕ ਪੁੱਤਰ ਵੱਡੇ ਵਡੇਰਿਆ ਦੀਆ ਪ੍ਰਪਤੀਆ ਨੂੰ ਯਾਦ ਕਰਦੇ ਹਨ।
ਬੁੱਢਾ ਚੋਰ ਮਸੀਤੇ ਡੇਰਾ
ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ।
ਬਾਂਦਰ ਕੀ ਜਾਣੇ ਅਦਰਕ ਦਾ ਸੁਆਦ
ਜਦ ਕੋਈ ਘਟੀਆ ਦਰਜੇ ਦਾ ਬੰਦਾ ਵਧੀਆ ਸ਼ੈ ਦੀ ਚਾਹ ਕਰੇ ਜਾਂ ਜਦ ਅਜਿਹੇ ਬੰਦੇ ਨੂੰ ਅਜੇਹੀ ਸ਼ੈ ਮਿਲ ਜਾਵੇ ਤੇ ਉਹ ਉਹਦੀ ਕਦਰ ਨਾ ਕਰੇ, ਤਾਂ ਕਹਿੰਦੇ ਹਨ।
ਬੂਹੇ ਬੈਠੀ ਜੰਨ, ਤੇ ਵਿੰਨ੍ਹੋ ਕੁੜੀ ਦੇ ਕੰਨ (ਘਰ ਨੂੰ ਲੱਗੀ ਅੱਗ, ਤਾਂ ਖੂਹ ਪੁੱਟਣ ਜਾਓ)
ਜਦ ਕੋਈ ਜਣਾ ਆਉਣ ਵਾਲੀ ਲੋੜ ਲਈ ਪਹਿਲਾਂ ਵੇਲੇ ਸਿਰ ਤਿਆਰੀ ਨਾ ਕਰੇ, ਤੇ ਲੋੜ ਸਿਰ ਤੇ ਪੈਣ ਤੇ ਨੱਸਣ-ਭੱਜਣ ਲੱਗ ਪਵੇ ਤਾਂ ਕਹਿੰਦੇ ਹਨ।
ਬਾਂਦਰਾਂ ਨੂੰ ਬਨਾਤ ਦੀਆਂ ਟੋਪੀਆਂ
ਜਦ ਕੋਈ ਵਧੀਆ ਸ਼ੈ ਅਜਿਹੇ ਬੰਦੇ ਨੂੰ ਦਿੱਤੀ ਜਾਵੇ ਜਿਹੜਾ ਉਹਦੀ ਕਦਰ ਨਾ ਕਰੇ, ਤਾਂ ਕਹਿੰਦੇ ਹਨ।
ਬੇਕਾਰ ਨਾਲੋਂ ਵਗਾਰ ਚੰਗੀ
ਬਹਿ ਕੇ ਮੱਖੀਆਂ ਮਾਰਨ ਨਾਲੋਂ ਕਿਸੇ ਹੋਰ ਦਾ ਸਖਤ ਕੰਮ ਕਰ ਦੇਣਾ ਚੰਗਾ ਹੈ।
ਬਾਲ ਦਾ ਪੱਜ, ਤੇ ਮਾਂ ਦਾ ਰੱਜ
ਜਦ ਕੋਈ ਜਣਾ ਕਿਸੇ ਹੋਰ ਦਾ ਬਹਾਨਾ ਲਾ ਕੇ ਕੋਈ ਸ਼ੈ ਆਪਣੇ ਲਈ ਪਰਾਪਤ ਕਰੇ ।
ਬੁਰਾ ਹਾਲ ਤੇ ਬਾਂਕੇ ਦਿਹਾੜੇ
ਜਦੋਂ ਕਿਸੇ ਬੰਦੇ ਦੀ ਆਰਥਿਕ ਹਾਲਤ ਬਹੁਤ ਖ਼ਰਾਬ ਹੋਵੇ ਤਾਂ ਉਦੋਂ ਵਰਤਦੇ ਹਨ।