ਰੰਡਾ ਗਿਆ ਕਰਾਉਣ ਕੁੜਮਾਈ, ਆਪਣੀ ਕਰੇ ਕਿ ਪਰਾਈ ?
ਜਦ ਕਿਸੇ ਨੂੰ ਆਪਨੂੰ ਹੀ ਕਿਸੇ ਸ਼ੈ ਦੀ ਲੋੜ ਹੋਵੇ, ਅਤੇ ਉਹ ਸ਼ੈ ਉਹਦੇ ਹੱਥ ਲੱਗ ਜਾਵੇ, ਤਾਂ ਉਹ ਹੋਰਨਾਂ ਨੂੰ ਕੀਕੁਰ ਦੇ ਸਕਦਾ ਹੈ ? ਉਹ ਤਾਂ ਆਪਣੇ ਪਾਸ ਹੀ ਰੱਖੇਗਾ, ਉਹ ਸ਼ੈ।
ਰੰਨਾਂ ਵਿਚ ਧੰਨਾ
ਬਹੁਤ ਸਾਰਿਆਂ ਔਰਤਾਂ ਵਿਚ ਇਕ ਮਰਦ ਹੋਵੇ ਤਾਂ ਵਰਤਦੇ ਹਨ।
ਰਾਹ ਪਿਆ ਜਾਣੇ, ਜਾਂ ਵਾਹ ਪਿਆ ਜਾਣੇ
ਕੋਈ ਕੰਮ ਕਿੰਨਾ ਕੁ ਔਖਾ ਜਾਂ ਸੌਖਾ ਹੈ, ਇਹ ਤਾਂ ਹੀ ਪਤਾ ਲੱਗਦਾ ਹੈ ਜਦ ਉਹ ਕਰਨਾ ਪਵੇ, ਕੋਈ ਬੰਦਾ ਕਿੰਨਾ ਕੁ ਚੰਗਾ ਜਾਂ ਮੰਦਾ ਹੈ, ਇਹ ਤਾਂ ਹੀ ਪਤਾ ਲੱਗਦਾ ਹੈ ਜਦ ਉਹਦੇ ਨਾਲ ਵਾਹ ਪਵੇ।
ਰਾਕੀ (ਇਰਾਕੀ) ਨੂੰ ਸੈਨਤ, ਗਧੇ ਨੂੰ ਸੋਟਾ
ਸਿਆਣਾ ਬੰਦਾ ਇਸ਼ਾਰਾ ਹੀ ਸਮਝ ਜਾਂਦਾ ਹੈ ਪਰ ਮੂਰਖ ਨੂੰ ਦੋ ਠੁਕਣ, ਤਾਂ ਹੀ ਸਮਝਦਾ ਹੈ।
ਰਾਜ ਪਿਆਰਾ ਰਾਜਿਆਂ, ਵੀਰ ਦੁਪਿਆਰੇ
ਧਨ ਦੌਲਤ ਦੇ ਲਾਲਚ ਵਿਚ ਲੋਕ ਸਕੇ ਭਰਾਵਾਂ ਨੂ ਵੀ ਛੱਡ ਜਾਂਦੇ ਹਨ।
ਰਾਜੇ ਦੇ ਘਰ ਮੋਤੀਆਂ ਦਾ ਕਾਲ ਹੈ ?
ਜਦ ਇਹ ਦੱਸਣਾ ਹੋਵੇ ਕਿ ਏਥੇ ਕਿਸੇ ਸ਼ੈ ਦੀ ਥੁੜ੍ਹ, ਪਰਵਾਹ ਨਹੀਂ, ਸਭ ਕੁਝ ਮਿਲ ਜਾਵੇਗਾ, ਤਾਂ ਕਹਿੰਦੇ ਹਨ।
ਰਾਮ ਰਲਾਈ ਜੋੜੀ, ਇੱਕ ਅੰਨ੍ਹਾਂ ਇਕ ਕੋਹੜੀ
ਜਦ ਦੋ ਇਕੋ ਜਿਹੇ ਭੈੜੇ ਆਦਮੀਆਂ ਦਾ ਮੇਲ ਹੋ ਜਾਵੇ, ਜਾਂ ਜੋੜ ਬਣ ਜਾਵੇ, ਤਾਂ ਕਹਿੰਦੇ ਹਨ।
ਰਾਮ ਰਾਮ ਜਪਣਾ, ਪਰਾਇਆ ਮਾਲ ਅਪਣਾ
ਮੂੰਹ ਵਿਚ ਰਾਮ ਰਾਮ, ਤੇ ਕੱਛ ਵਿਚ ਛੁਰੀ, ਬਗਲਾ ਭਗਤ ਬਣ ਕੇ ਹੋਰਨਾਂ ਨੂੰ ਠੱਗਣ ਵਾਲੇ ਬਾਬਤ ਕਹਿੰਦੇ ਹਨ।
ਰੀਸੀਂ ਪੁੱਤ ਨਾਂ ਜੰਮਦੇ ਹੋਰ ਸੱਭੇ ਗੱਲਾਂ
ਜਿਹੜਾ ਕਿਸੇ ਦੀ ਰੀਸ ਕਰ ਕੇ ਕੁਝ ਕਰਨਾ ਚਾਹੇ, ਪਰ ਸਫਲ ਨਾ ਹੋ ਸਕੇ, ਉਸ ਤੇ ਘਟਾਉਂਦੇ ਹਨ।