ਸਾਰੀ ਰਾਤ ਭੰਨੀ, ਤੇ ਕੁੜੀ ਜੰਮੀ ਅੰਨ੍ਹੀ
ਮਿਹਨਤ ਤਕਲੀਫ ਬਹੁਤ ਵਧੇਰੇ ਤੇ ਸਿੱਟਾ ਬਹੁਤ ਘਟੀਆ।
ਸੌ ਦਾਰੂ ਇਕ ਘਿਉ, ਸੋ ਚਾਚਾ ਇਕ ਪਿਉ
ਸਪਸ਼ਟ ਹੈ।
ਸਾਂਝਾ ਬਾਬਾ ਕੋਈ ਨਾ ਪਿੱਟੇ, ਸਾਂਝੀ ਹਾਂਡੀ ਚੁਰਾਹੇ ਫੁੱਟੇ
ਜਿਹੜੇ ਕੰਮ ਦੀ ਜੁੰਮੇਵਾਰੀ ਬਹੁਤਿਆਂ ਦੇ ਸਿਰ ਹੋਵੇ, ਉਹ ਕਦੇ ਵੀ ਨੇਪਰੇ ਨਹੀਂ ਚੜ੍ਹਦਾ ।
ਸੌ ਦਿਨ ਚੋਰ ਦਾ, ਇਕ ਦਿਨ ਸਾਧ ਦਾ
ਚੋਰਾਂ ਉੱਚਕਿਆਂ ਨੂੰ ਸਦਾ ਸਫਲਤਾ ਨਹੀਂ ਹੁੰਦੀ ਰਹਿੰਦੀ, ਕਦੇ ਨ ਕਦੇ ਸਾਧੂਆਂ (ਭਲੇਮਾਨਸਾਂ) ਨੂੰ ਵੀ ਮੌਕਾ ਮਿਲਦਾ ਹੈ, ਉੱਚਕਿਆਂ ਨੂੰ ਨੰਗੇ ਹੋਏ ਅਤੇ ਕੁੱਟੀਦੇ ਵੇਖਣ ਦਾ।
ਸੱਦੀ ਨਾ ਪੁੱਛੀ, ਮੈਂ ਲਾੜੇ ਦੀ ਫੁੱਫੀ
ਜਦ ਕੋਈ ਬਦੋ-ਬਦੀ ਅਗਾਂਹ ਚੌਧਰੀ ਬਣਦਾ ਫਿਰੇ ।
ਸਾਂਝੀ ਦੇਗ਼ ਕੁਤਿਆਂ ਖਾਧੀ
ਜਦ ਕਿਸੇ ਕੰਮ ਨੂੰ ਬਹੁਤ ਸਾਰੇ ਬੰਦੇ ਮਿਲ ਕੇ ਸਾਂਝੀ ਰਾਏ ਅਨੁਸਾਰ ਨਾ ਕਰਨ ਤਾਂ ਉਹ ਕੰਮ ਖ਼ਰਾਬ ਹੋ ਜਾਂਦਾ ਹੈ।
ਸੌਣਾ ਰੂੜੀਆਂ ਤੇ, ਸੁਫਣੇ ਲੈਣੇ ਸ਼ੀਸ਼ ਮਹਿਲਾਂ ਦੇ
ਆਪਣੀ ਵਿਤੋਂ ਵਧ ਕੇ ਆਸਾਂ ਲਾਉਣੀਆਂ ਤੇ ਖਾਹਿਸ਼ਾਂ ਪ੍ਰਗਟ ਕਰਨੀਆਂ।
ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ
ਜਦ ਕੋਈ ਕਿਸੇ ਕੰਮ ਵਿਚ ਵਾਧੂ ਦਖਲ ਦੇਵੇ ਤੇ ਬਦੋ-ਬਦੀ ਖੜਪੈਂਚ ਬਣਨ ਦੇ ਜਤਨ ਕਰੇ ।
ਸਿਆਣਾ ਕਾਂ ਹਮੇਸ਼ਾ ਗੰਦ ਤੇ ਬੈਠੇ
ਆਪਣੇ ਆਪ ਨੂੰ ਬਹੁਤ ਸਿਆਣਾ ਸਮਝਣ ਵਾਲਾ ਪੁਰਸ਼ ਹਮੇਸ਼ਾਂ ਨੁਕਸਾਨ ‘ਚ ਰਹਿੰਦਾ ਹੈ।
ਸੱਪ ਦਾ ਖਾਧਾ ਸੂਤ ਕੋਲੋਂ ਵੀ ਡਰਦਾ ਜਾਵੇ
ਜਦੋਂ ਕੋਈ ਬੰਦਾ ਇਕ ਵਾਰ ਕਿਸੇ ਤੋਂ ਧੋਖਾ ਖਾ ਜਾਵੇ ਤਾਂ ਉਹ ਅਗੇ ਤੋਂ ਹਰ ਕੰਮ ਸੁਚੇਤ ਹੋ ਕੇ ਕਰਦਾ ਹੈ।