ਹਾਰ ਮੰਨੀ ਝਗੜਾ ਮੁਕਿਆ
ਜਦੋਂ ਕੋਈ ਸਿਆਣਾ ਬੰਦਾ ਝਗੜੇ ਦਾ ਨਿਪਟਾਰਾ ਕਰਨ ਲਈ ਆਪ ਮਾੜੀ-ਮੋਟੀ ਕਸਰ ਸਹਿ ਲਵੇ ।
ਹਸਾਏ ਦਾ ਨਾਂ ਨਹੀਂ, ਰੁਆਏ ਦਾ ਨਾਂ
ਜਿਹੜੇ ਸੁੱਖ ਦਿੱਤੇ ਹਨ ਉਹ ਭੁੱਲ ਗਏ, ਅਤੇ ਜੇ ਕਦੀ ਕੋਈ ਤਕਲੀਫ ਦਿੱਤੀ ਗਈ, ਉਹ ਚੇਤੇ ਰਹਿ ਗਈ।
ਹਾੜ੍ਹ ਸੜੇ ਸਾਵਣ ਵਰ੍ਹੇ ਜੱਟ ਭੜੋਲੇ ਭਰੇ
ਜਦੋਂ ਹਾੜ ਵਿਚ ਚੰਗੀ ਗਰਮੀ ਹੋਵੇ ਅਤੇ ਸਾਵਣ ਵਿਚ ਰੱਜ ਕੇ ਵਰਖਾ ਹੋਵੇ ਤਾਂ ਅੰਨ ਦੀ ਉਪਜ ਚੋਖੀ ਹੋ ਜਾਂਦੀ ਹੈ।
ਹਸਦਾ ਪਿਉ ਦਾ ਰੋਂਦਾ ਮਾਂ ਦਾ
ਨਫ਼ੇ ਵਾਲੇ ਕੰਮ ਵਿਚ ਹਰ ਕੋਈ ਭਾਈਵਾਲ ਬਣਨਾ ਚਾਹੁੰਦਾ ਹੈ, ਪ੍ਰੰਤੂ ਘਾਟੇ ਵੇਲੇ ਕੋਈ ਵੀ ਸਾਥ ਨਹੀਂ ਦਿੰਦਾ ਹੈ।
ਹਾੜ੍ਹ ਸੁੱਕੇ ਨਾ ਸਾਉਣ ਹਰੇ
ਜਦੋਂ ਹਾਲਤ ਹਮੇਸ਼ਾ ਇਕੋ ਵਰਗੀ ਰਹੇ ।
ਹਮ ਨਾ ਵਿਆਹੇ, ਤਾਂ ਕਾਹਦੇ ਸਾਹੇ ?
ਕਿਸੇ ਸ਼ੈ ਦਾ ਹੋਰਨਾਂ ਨੂੰ ਭਾਵੇਂ ਕਿੰਨਾਂ ਸੁਖ ਲਾਭ ਪਿਆ ਹੋਵੇ, ਜੇ ਸਾਨੂੰ ਉਹ ਸੁਖ, ਲਾਭ ਨਹੀਂ ਨਸੀਬ ਤਾਂ ਉਹ ਸ਼ੈ ਜਿਹੀ ਹੋਈ ਤਿਹੀ ਨਾ ਹੋਈ।
ਹਾਂ ਜੀ, ਹਾਂ ਜੀ ਕਹਿਣਾ ਸਦਾ ਸੁਖੀ ਰਹਿਣਾ
ਨਿਉਂ ਕੇ ਅਗਲੇ ਦਾ ਆਦਰ ਸਤਕਾਰ ਕਰ ਕੇ, ਵਰਤਣਾ ਵਿਚਰਨਾ ਸੁਖੀ ਰਹਿਣ ਦਾ ਸਾਧਨ ਵਸੀਲਾ ਹੈ।
ਹਮਸਾਏ, ਮਾਂ-ਪਿਉ ਜਾਏ
ਗਵਾਂਢੀ ਵੀ ਭਰਾਵਾਂ ਵਰਗੇ ਹੁੰਦੇ ਹਨ ।
ਹਾਂਡੀ ਉਬਲੇਗੀ, ਤਾਂ ਆਪਣੇ ਹੀ ਕੰਢੇ ਸਾੜੇਗੀ
ਮਾੜੇ ਨਿਤਾਣੇ ਬੰਦੇ ਦਾ ਗੁੱਸਾ ਉਹਨੂੰ ਹੀ ਸਾੜਦਾ ਭੁੰਨਦਾ ਤੇ ਦੁਖੀ ਕਰਦਾ ਹੈ, ਹੋਰ ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ।
ਹੱਸਣੇ ਘਰ ਵੱਸਣੇ
ਹੱਸਦੇ ਖੇਡਦੇ ਦੇ ਖਿੜੇ ਮੱਥੇ ਰਹਿਣ ਵਾਲੇ ਸਦਾ ਸੁਖੀ ਹੁੰਦੇ ਹਨ।