ਬਿੱਲੀ ਦੁੱਧ ਦੀ ਰਾਖੀ
ਜਦ ਕਿਸੇ ਨੂੰ ਕਿਸੇ ਸ਼ੈ ਦੀ ਸੌਂਪਨਾ ਕੀਤੀ ਜਾਂ ਰਾਖੀ ਦਿੱਤੀ ਜਾਵੇ ਜਿਸ ਦਾ ਉਹ ਆਪ ਹੀ ਬਹੁਤ ਸ਼ੌਕੀਨ ਤੇ ਲਾਲਚੀ ਹੋਵੇ ਤੇ, ਖਾ-ਪੀ ਛੱਡੇ, ਤਾਂ ਆਖਦੇ ਹਨ।
ਭਲਾ ਹੋਇਆ ਮੇਰਾ ਚਰਖਾ ਟੁੱਟਿਆ ਜਿੰਦ ਅਜ਼ਾਬੋ ਛੁੱਟੀ
ਜਦੋਂ ਕਿਸੇ ਦਾ ਨੁਕਸਾਨ ਹੋ ਜਾਵੇ ਪਰ ਉਹ ਫਿਰ ਵੀ ਖ਼ੁਸ਼ੀ ਮਨਾਵੇ।
ਮਨ ਹਰਾਮੀ ਤੇ ਹੁੱਜਤਾਂ ਢੇਰ
ਜਦ ਕੋਈ ਜਣਾ ਕੋਈ ਕੰਮ ਕਰਨਾ ਨਾ ਚਾਹੇ, ਤਾਂ ਉਹ ਕਈ ਬਹਾਨੇ ਘੜ ਲੈਂਦਾ ਹੈ।
ਬਿੱਲੀ ਦੇ ਸਿਰ੍ਹਾਣੇ ਦੁੱਧ ਨਹੀ ਜੰਮਦਾ
ਜਿੱਥੇ ਲੁੱਟ ਪੁੱਟ ਕਰਨ ਵਾਲੇ ਹੋਣ, ਉੱਥੇ ਬਰਕਤ ਨਹੀਂ ਪੈਂਦੀ।
ਭੱਠ ਪਿਆ ਸੋਨਾ ਜਿਹੜਾ ਕੰਨ ਪਾੜੇ
ਉਹ ਧਨ, ਪਦਾਰਥ ਕਿਸ ਕੰਮ ਜਿਸ ਤੋਂ ਸੁਖ ਦੀ ਥਾਂ ਦੁਖ ਮਿਲੇ ?
ਮਨ ਜੀਤੇ ਜਗ ਜੀਤ
ਜਿਹੜਾ ਆਪਣੇ ਦਿਲ ਨੂੰ, ਦਿਲ ਦੀਆਂ ਖਾਹਿਸ਼ਾਂ ਵਲਵਲਿਆਂ ਨੂੰ, ਆਪਣੇ ਵੱਸ ਵਿਚ ਕਰ ਲਵੇ, ਉਹਦੀ ਹਰ ਮੈਦਾਨੇ ਜੈ ਹੁੰਦੀ ਹੈ।
ਬਿੱਲੀ ਨੂੰ ਚੂਹਿਆਂ ਦੇ ਸੁਫ਼ਨੇ
ਜਦ ਕਿਸੇ ਨੂੰ ਆਪਣੇ ਹੀ ਮਤਲਬ ਦੀ ਗੱਲ ਸੁੱਝੇ, ਤਾਂ ਕਹਿੰਦੇ ਹਨ।
ਭੱਠ ਪਿਆ ਦਿੱਤਾ ਜਿਹੜਾ ਸਾੜੇ ਪਿੱਤਾ
ਜਦ ਕੋਈ ਜਣਾ ਪਹਿਲਾਂ ਤਾਂ ਕੋਈ ਸ਼ੈ ਕਿਸੇ ਨੂੰ ਦੇਵੇ, ਪਰ ਮਗਰੋਂ ਮਿਹਣੇ ਮਾਰਨ ਲਗ ਪਵੇ, ਤਾਂ ਕਹਿੰਦੇ ਹਨ।
ਬੱਕਰੀ ਨੇ ਦੁੱਧ ਦਿੱਤਾ, ਪਰ ਮੀਂਗਣਾਂ ਪਾ ਕੇ
ਜਦ ਕੋਈ ਜਣਾ ਕੰਮ ਕਰੇ ਤਾਂ ਸਹੀ, ਪਰ ਕਾਫੀ ਅੜੀ ਤੇ ਨਾਂਹ ਨੁੱਕਰ ਕਰ ਕੇ, ਤਾਂ ਕਹਿੰਦੇ ਹਨ।
ਬਿੱਲੀ ਨੇ ਸ਼ੀਂਹ ਪੜ੍ਹਾਇਆ ਤੇ ਸ਼ੀਂਹ ਬਿੱਲੀ ਨੂੰ ਖਾਣ ਆਇਆ (ਸਾਡੀ ਬਿੱਲੀ ਸਾਨੂੰ ਹੀ ਮਿਆਉਂ)
ਜਦ ਕਿਸੇ ਆਦਮੀ ਨੂੰ ਪਾਲ ਪੋਸ ਕੇ, ਸਿਖਾ-ਪੜ੍ਹਾ ਕੇ ਵੱਡਾ ਕਰੀਏ, ਅਤੇ ਅੱਗੋਂ ਆਪਣਾ ਜ਼ੋਰ ਸਿਆਣਪ ਸਾਡੇ ਵਿਰੁਧ ਹੀ ਵਰਤਣ ਲੱਗ ਪਵੇ, ਤਾਂ ਇਹ ਅਖਾਣ ਵਰਤੀਦਾ ਹੈ।