ਜੈਸੀ ਕਰਨੀ ਵੈਸੀ ਭਰਨੀ
ਹਰ ਇਨਸਾਨ ਨੂੰ ਆਪਣੀ ਕਰਨੀ ਦਾ ਫਲ ਮਿਲਦਾ ਹੈ।
ਟਿੰਡਾਂ ਪੱਥ ਨਾ ਜਾਣਦਾ ਮੇਰਾ ਮੱਘੀਆਂ ਦਾ ਉਸਤਾਦ
ਮਮੂਲੀ ਸੌਖਾ ਕੰਮ ਕਰਨਾ ਜੋਗੇ ਨਾ ਹੋਣਾ ਤੇ ਹੱਥ ਪਾਉਣਾ ਵੱਡੇ ਵੱਡੇ ਕੰਮ ਨੂੰ।
ਜਿਹੜੇ ਪਿੰਡ ਨਹੀਂ ਜਾਣਾ, ਉਸਦਾ ਨਾਂ ਕੀ ਲੈਣਾ
ਜਿਸ ਨਾਲ ਕੋਈ ਵਾਸਤਾ ਨਾ ਹੋਵੇ ਜਾਂ ਵਾਸਤਾ ਨਾ ਰੱਖਣਾ ਚਾਹੀਏ ਤਾਂ ਉਸ ਬਾਰੇ ਸੋਚਣਾ ਵੀ ਫ਼ਜ਼ੂਲ ਹੈ।
ਜਿਧਰ ਗਈਆ ਬੇੜੀਆਂ, ਉਧਰ ਗਏ ਮਲਾਹ
ਕਿਸੇ ਬੰਦੇ ਦੇ ਜਾਣ ਨਾਲ ਉਸ ਦੇ ਅਸਰ ਸੁਖ ਜਾਂ ਦੁਖ ਦਾ ਵੀ ਜਾਂਦੇ ਰਹਿਣਾ।
ਜੋ ਕਰੇ ਘਿਉ ਨਾ ਕਰੇ ਮਾਂ ਨਾ ਕਰੇ ਪਿਉ
ਇਸ ਅਖ਼ਾਣ ਵਿਚ ਦੇਸੀ ਘਿਉ ਦੀ ਵਿਸ਼ੇਸ਼ਤਾ ਬਾਰੇ ਦਸਿਆ ਗਿਆ ਹੈ। ਮਾਂ ਪਿਉ ਦੀ ਥਾਂ ਪੈਸੇ ਨੂੰ ਮਹੱਤਤਾ ਦਿੱਤੀ ਜਾਵੇ ਤਾਂ ਵਰਤਿਆ ਜਾਂਦਾ ਹੈ।
ਟੁੱਟੀਆ ਬਾਂਹਾਂ ਗਲ ਨੂੰ ਆਉਂਦੀਆ ਨੇ
ਆਖਰ ਨੂੰ ਆਪਣੇ ਹੀ ਆਪਣੇ ਹੁੰਦੇ ਹਨ।
ਜਿਹੜੇ ਭੌਂਕਦੇ ਹਨ ਉਹ ਵੱਢਦੇ ਨਹੀਂ
ਬਹੁਤੀਆਂ ਫੜ੍ਹਾਂ ਸ਼ੇਖੀਆਂ ਮਾਰਨ ਵਾਲੇ ਹੱਥੀਂ ਕੁਝ ਨਹੀਂ ਕਰ ਵਿਖਾਉਂਦੇ। ਬਹੁਤੇ ਡਰਾਵੇ ਧਮਕੀਆਂ ਦੇਣ ਵਾਲੇ ਬੰਦੇ ਕਰਨ ਜੋਗੇ ਕੁਝ ਨਹੀਂ ਹੁੰਦੇ।
ਜਿਨ੍ਹਾਂ ਖਾਧਾ ਲੱਪ ਗੜੱਪੀਂ, ਉਹਨਾਂ ਕੀ ਬਣੇ ਉਂਗਲ ਚੱਟੀ
ਬਹੁਤ ਖਾਣ ਹੰਢਾਉਣ ਵਾਲੇ ਨੂੰ ਸੰਗ ਸਰਫੇ ਨਾਲ ਮਿਲੀ ਸ਼ੈ ਖੁਸ਼ ਨਹੀਂ ਕਰ ਸਕਦੀ ।
ਜੋਰਾਵਰ ਨਾਲ ਭਿਆਲ਼ੀ, ਉਹ ਮੰਗੇ ਹਿੱਸਾ ਉਹ ਦੇਵੇ ਗਾਲੀ
ਮਾੜੇ ਬੰਦੇ ਦਾ ਡਾਢੇ ਨਾਲ ਭਿਆਲ਼ੀ ਨਹੀਂ ਪੁੱਗਦੀ। ਜਦ ਕੋਈ ਆਪਣਾ ਹੱਕ ਮੰਗੇ ਤੇ ਅਗਲਾ ਅੱਗੋਂ ਗਾਲਾਂ ਦੇਵੇ, ਤਾਂ ਕਹਿੰਦੇ ਹਨ।
ਜਿਹਾ ਤੇਰਾ ਅੰਨ ਪਾਣੀ, ਤਿਹਾ ਮੇਰਾ ਕੰਮ ਜਾਣੀ
ਜਿੰਨੀ ਖਾਤਰ ਤੁਸੀਂ ਸਾਡੀ ਕਰੋਗੇ, ਉੱਨਾ ਹੀ ਅਸੀਂ ਤੁਹਾਡਾ ਕੰਮ ਸਵਾਰਾਂਗੇ, ਜਿੰਨਾ ਖਰਚ ਕਰੋਗੇ, ਉੱਨਾ ਹੀ ਚੰਗੇਰਾ ਸਿੱਟਾ ਨਿਕਲੇਗਾ।