ਜਥਾ ਰਾਜਾ, ਤਥਾ ਪਰਜਾ
ਜਿਹੋ ਜਿਹੇ ਆਗੂ ਹੋਣਗੇ ਉਹੋ ਜਿਹੇ ਹੀ ਲੋਕ ਹੋਣਗੇ।
ਜੱਟ ਦੇ ਜੌਂ ਪੱਕੇ, ਸੱਕੀ ਮਾਂ ਨੂੰ ਮਾਰੇ ਧੱਕੇ
ਜਦੋਂ ਫ਼ਸਲ ਪੱਕ ਕੇ ਤਿਆਰ ਹੋ ਜਾਏ ਉਦੋਂ ਨਸ਼ੇ ਵਿਚ ਆਇਆ ਹੋਇਆ ਮਾਂ ਦਾ ਵੀ ਨਿਰਾਦਰ ਕਰਨੋਂ ਨਹੀਂ ਟਲਦਾ।
ਜੰਮਣ ਵਾਲੇ ਛੁੱਟ ਗਏ ਸਹੇਂਦੜੇ ਫਸ ਗਏ
ਨੂੰਹ ਦੇ ਭੈੜਾ ਨਿਕਲਣ ਦੇ ਸਮਂੇ ਕਿਹਾ ਜਾਂਦਾ ਹੈ।
ਜਿਹੜਾ ਜਾਣੇ ਆਪ ਨੂੰ ਉਹਦੇ ਜਾਣੀਏ ਮਾਂ ਬਾਪ ਨੂੰ
ਜਦ ਕੋਈ ਤੁਹਾਡੇ ਨਾਲ ਨੇਕੀ ਕਰੇ, ਤਾਂ ਉਹਦੇ ਪਿਤਾ ਆਦਿ ਨਾਲ ਨੇਕੀ ਕਰੋ ਤੇ ਉਹਦੀ ਨੇਕੀ ਸਦਾ ਯਾਦ ਰੱਖੋ।
ਜਮਾਤ ਕਰਾਮਾਤ
ਏਕੇ ਦੀ ਬਰਕਤ ਦੱਸਣ ਲਈ ਵਰਤਦੇ ਹਨ।
ਜੱਟ ਨਾ ਜਾਣੇ ਗੁਣ ਕਰਾ, ਚਣਾ ਨਾ ਜਾਣੇ ਵਾਹ
ਇਸ ਆਖਾਣ ਵਿਚ ਜੱਟ ਤੇ ਛੋਲਿਆਂ ਦੇ ਲੱਛਣ ਦੱਸੇ ਗਏ ਹਨ। ਜੱਟ ਕੀਤੀ ਨੂੰ ਨਹੀਂ ਜਾਣਦਾ ਤੇ ਛੋਲਿਆਂ ਵਾਸਤੇ ਬਹੁਤੀ ਵਾਹੀ ਕਰਨ ਦੀ ਲੋੜ ਨਹੀਂ ਹੁੰਦੀ।
ਜਾਹ ਨੀ ਧੀਏ ਰਾਵੀ ਨਾ ਕੋਈ ਆਵੀ ਤੇ ਨਾ ਕੋਈ ਜਾਵੀ
ਜਦ ਕਿਸੇ ਨੂੰ ਦੂਰ ਘੱਲ ਕੇ ਉਸ ਨੂੰ ਉਸ ਦੀ ਕਿਸਮਤ ਉੱਤੇ ਛੱਡ ਦਿੱਤਾ ਹੋਵੇ।
ਜਿਹੜਾ ਬੋਲੇ ਉਹੋ ਕੁੰਡਾ ਖੋਲ੍ਹੇ
ਜਦੋਂ ਔਖਾ ਕੰਮ ਕਰਨ ਲਈ ਸਲਾਹ ਦੇਣ ਵਾਲੇ ਬੰਦੇ ਨੂੰ ਪਹਿਲ ਕਰਨ ਲਈ ਕਿਹਾ ਜਾਵੇ।
ਜਦ ਤਕ ਸਾਸ ਤਦ ਤੱਕ ਆਸ
ਜਦ ਤਕ ਸੁਆਸ ਆਉਦੇ ਹਨ, ਬਚ ਜਾਣ ਦੀ ਆਸ ਬਣੀ ਰਹਿੰਦੀ ਹੈ।
ਜੱਟ, ਪੱਟ (ਵੱਟ) ਤੇ ਫੱਟ ਬੱਧੇ ਹੀ ਕਾਬੂ (ਰਾਸ) ਆਉਂਦੇ ਨੇ
ਖੇਤ ਦੀ ਵੱਟ ਨਾ ਬੰਨ੍ਹੀਏ ਤਾਂ ਪਾਣੀ ਬਾਹਰ ਵਗ ਜਾਂਦਾ ਹੈ। ਫੱਟ ਤੇ ਪੱਟੀ ਨਾ ਬੰਨ੍ਹੀਏ ਤਾਂ ਖ਼ਰਾਬ ਹੋ ਜਾਂਦਾ ਹੈ, ਰੇਸ਼ਮ ਨੂੰ ਵੀ ਬੰਨ੍ਹ ਕੇ ਨਾ ਰੱਖਿਆ ਜਾਏ ਤਾਂ ਉਲਝ ਜਾਂਦਾ ਹੈ ਤੇ ਜੱਟ ਵੀ (ਕਹਿੰਦੇ ਨੇ) ਬੱਧਾ ਹੀ ਠੀਕ ਰਹਿੰਦਾ ਹੈ।