ਪੰਜਾਂ ਵਿਚ ਨਾ ਪੰਜਾਹ ਵਿਚ
ਜਦੋਂ ਕੋਈ ਬੰਦਾ ਕਿਸੇ ਗਿਣਤੀ ਵਿਚ ਨਾ ਗਿਣਿਆ ਜਾਵੇ ਜਾਂ ਉਸ ਦੀ ਕੋਈ ਮਹੱਤਤਾ ਨਾ ਹੋਵੇ।
ਪੈਂਚਾਂ ਦਾ ਆਖਿਆ ਸਿਰ ਮੱਥੇ, ਪਰਨਾਲਾ ਓਥੇ ਦਾ ਓਥੇ
ਜਦ ਕੋਈ ਆਦਮੀ ਜਿੱਦ ਨਾ ਛੱਡੇ ਅਤੇ ਹੋਰਨਾਂ ਦੇ ਸਮਝਾਉਣ ਤੇ ਉੱਤੋਂ-ਉੱਤੋਂ ਤਾਂ ਚੰਗਾ ਜੀ ਕਹਿ ਛੱਡੇ, ਪਰ ਰਹੇ ਆਪਣੇ ਹਠ ਉੱਤੇ ਅੜਿਆ, ਤਾਂ ਕਹਿੰਦੇ ਹਨ।
ਨੌਕਰ ਬਣ ਕਮਾਓ, ਰਾਜਾ ਬਣਕੇ ਖਾਓ
ਮਿਹਨਤ ਨਾਲ ਕਮਾਉਗੇ ਤਾਂ ਐਸ਼ ਕਰੋਗੇ।
ਪੰਜੇ ਉਂਗਲਾਂ ਇਕੋ ਜਿਹੀਆਂ (ਬਰਾਬਰ) ਨਹੀਂ ਹੁੰਦੀਆਂ
ਸਾਰੇ ਮਨੁੱਖ ਇਕੋ ਜਿਹੇ ਨਹੀਂ ਹੁੰਦੇ।
ਪੋਤੜਿਆਂ ਦੇ ਵਿਗੜੇ ਕਦੇ ਨਹੀਂ ਸੁਧਰਦੇ
ਬਚਪਨ ਵਿਚ ਪਈਆਂ ਮਾੜੀਆਂ ਆਦਤਾਂ ਕਦੀ ਵੀ ਨਹੀਂ ਸੁਧਰਦੀਆਂ।
ਨੌਕਰਾਂ ਦੇ ਵੀ ਚਾਕਰ
ਜਦੋਂ ਕੋਈ ਬੰਦਾ ਆਪਣੇ ਕਿਸੇ ਬੰਦੇ ਨੂੰ ਕੋਈ ਕੰਮ ਕਰਨ ਲਈ ਆਖੇ ਤੇ ਉਹ ਅੱਗੋਂ ਕਿਸੇ ਹੋਰ ਨੂੰ ਇਹ ਕੰਮ ਕਰਨ ਲਈ ਕਹਿ ਦੇਵੇ ਤਾਂ ਵਰਤਦੇ ਹਨ।
ਪੰਜੇ ਉਂਗਲਾਂ ਘਿਉ ਵਿਚ
ਜਦੋਂ ਕਿਸੇ ਮਨੁੱਖ ਨੂੰ ਪੂਰਾ ਲਾਭ ਲੈਣ ਦਾ ਮੌਕਾ ਮਿਲੇ ਓਦੋਂ ਵਰਤਦੇ ਹਨ।
ਫਸੀ ਤਾਂ ਫਟਕਣ ਕੀ ?
ਉੱਖਲੀ ਵਿਚ ਸਿਰ ਦਿੱਤਾ, ਤਾਂ ਮੋਹਲਿਆਂ ਦਾ ਕੀ ਡਰ।
ਨੌਂ ਨਕਦ ਨਾ ਤੇਰਾਂ ਉਧਾਰ
ਉਧਾਰ ਮਹਿੰਗੀ ਚੀਜ਼ ਵੇਚੀ ਨਾਲੋਂ ਨਕਦ ਕੁਝ ਸਸਤੀ ਵੇਚੀ ਚੰਗੀ ਕਿਉਂਕਿ ਉਧਾਰ ਸਾਰਾ ਵੀ ਮਰ ਸਕਦਾ ਹੈ ।
ਪਾਣੀ ਵਿਚ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੋ ਜਾਂਦਾ
ਜਦ ਕਿਸੇ ਟੱਬਰ ਜਾਂ ਕੌਮ ਵਿਚ ਪੂਰਨ ਏਕਤਾ ਹੋਵੇ, ਤਾਂ ਹੋਰਨਾਂ ਦੇ ਜਤਨ ਕਰਨ ਤੇ ਵੀ ਓਥੇ ਫੁੱਟ ਨਹੀਂ ਪੈਂਦੀ ।