ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਦੇਂਦੀ
ਹੀਲਾ, ਉੱਦਮ ਕੀਤੇ ਬਿਨਾਂ ਕੁਝ ਪਰਾਪਤ ਨਹੀਂ ਹੁੰਦਾ, ਆਖਣ ਵੇਖਣ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ।
ਲੋਹੇ ਨੂੰ ਲੋਹਾ ਕੱਟਦਾ ਹੈ
ਅਮੀਰ ਦਾ ਟਾਕਰਾ ਅਮੀਰ ਹੀ ਕਰ ਸਕਦਾ ਹੈ। ਐਸੇ ਨਾਲ ਤੈਸਾ ਹੀ ਵਾਰਾ-ਸਾਰਾ ਲੈ ਸਕਦਾ ਹੈ।
ਵੇਲਾ ਵਖ਼ਤ ਵਿਹਾਇਆ, ਹੁਣ ਕੀ ਬਣੇ ਪਛਤਾਇਆਂ ?
ਹੁਣ ਪਛਤਾਇਆਂ ਕੀ ਬਣੇ, ਜਦ ਚਿੜੀਆਂ ਚੁਗਿਆ ਖੇਤ ?
ਰੋਗ ਦਾ ਘਰ ਖਾਂਸੀ, ਲੜਾਈ ਦਾ ਘਰ ਹਾਂਸੀ
ਖੰਘ ਤੋਂ ਕਈ ਰੋਗ ਪੈਦਾ ਹੋ ਜਾਂਦੇ ਹਨ, ਤੇ ਹਾਸੇ ਮਖੌਲ ਤੋਂ ਲੜਾਈ।
ਲੋਕਾਂ ਨੂੰ ਲੋਕਾਂ ਨਾਲ, ਗਗੜੀ ਨੂੰ ਜੋਕਾਂ ਨਾਲ ( ਹੋਰੀ ਨੂੰ ਹੋਰੀ ਦੀ, ਅੰਨ੍ਹੇ ਨੂੰ ਡੰਗੋਰੀ ਦੀ)
ਜਿਸ ਸ਼ੈ ਦੀ ਕਿਸੇ ਨੂੰ ਗਰਜ਼ ਲੋੜ ਹੁੰਦੀ ਹੈ, ਉਹਨੂੰ ਉਹਦਾ ਹੀ ਖਿਆਲ ਫਿਕਰ ਹੁੰਦਾ ਹੈ।
ਵੇਲੇ ਦੀ ਨਮਾਜ਼, ਕੁਵੇਲੇ ਦੀਆਂ ਟੱਕਰਾਂ
ਕੰਮ ਵੇਲੇ ਸਿਰ ਕੀਤਾ ਜਾਵੇ, ਤਾਂ ਹੀ ਠੀਕ ਰਹਿੰਦਾ ਹੈ, ਜਦ ਕੰਮ ਦਾ ਅਸਲੀ ਵੇਲਾ ਲੰਘ ਜਾਵੇ, ਤਾਂ ਮਗਰੋਂ ਵਾਧੂ ਖਪਾ ਹੀ ਹੁੰਦਾ ਹੈ, ਲਾਭ ਨਹੀਂ ਹੁੰਦਾ।
ਲੜਦਿਆਂ ਦੇ ਪਿੱਛੇ ਤੇ ਭੱਜਦਿਆਂ ਦੇ ਅੱਗੇ
ਜਦ ਇਹ ਦੱਸਣਾ ਹੋਵੇ ਕਿ ਇਹ ਬੰਦਾ ਬੜਾ ਡਰਾਕਲ ਹੈ, ਖਤਰੇ ਦੇ ਨੇੜੇ ਨਹੀਂ ਜਾਂਦਾ, ਤਾਂ ਕਹਿੰਦੇ ਹਨ।
ਲੋੜ ਵੇਲੇ ਤਾਂ ਖੋਤੇ ਨੂੰ ਵੀ ਪਿਓ ਆਖ ਲਈਦਾ ਹੈ
ਕਈ ਵੇਰ ਆਪਣਾ ਬੁੱਤਾ ਸਾਰਨ (ਮਤਲਬ ਕੱਢਣ) ਲਈ ਭੈੜਿਆਂ ਦੀ ਵੀ ਖੁਸ਼ਾਮਦ ਕਰਨੀ ਪੈਂਦੀ ਹੈ।
ਲੜੀ ਘਰਦਿਆਂ ਨਾਲ, ਤੇ ਦਾਦੇ ਪਿੱਟੇ ਗੁਆਂਢੀਆਂ ਦੇ (ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ)
ਕੋਠੇ ਤੋਂ ਡਿੱਗ ਪਈ ਤੇ ਵਿਹੜੇ ਨਾਲ ਰੁੱਸ ਪਈ।
ਵਧੀ ਨੂੰ ਕੋਈ ਖਤਰਾ ਨਹੀਂ ਤੇ ਘਟੀ ਦਾ ਕੋਈ ਦਾਰੂ ਨਹੀਂ
ਜਦ ਕੋਈ ਬਿਮਾਰ ਹੋਵੇ, ਤਾਂ ਇਹ ਦੱਸਣ ਲਈ ਕਿ ਜੇ ਇਸ ਦੇ ਭਾਗਾਂ ਵਿਚ ਅਜੇ ਕੁਝ ਹੋਰ ਸਮਾਂ ਜੀਉਣਾ ਲਿਖਿਆ ਹੈ, ਤਾਂ ਇਸ ਨੂੰ ਕੋਈ ਖ਼ਤਰਾ ਨਹੀਂ, ਪਰ ਜੇ ਇਸ ਦੀ ਉਮਰ ਪੁੱਗ ਚੁੱਕੀ ਹੈ, ਤਾਂ ਇਹਨੂੰ ਕੋਈ ਵੀ ਦਵਾਈ ਬਚਾ ਨਹੀਂ ਸਕਦੀ, ਤਾਂ ਇਹ ਅਖਾਣ ਵਰਤਦੇ ਹਨ।