ਜੱਟ ਦਾ ਹਾਸਾ ਭੰਨ, ਗੁਆਏ ਪਾਸਾ
ਹਾਸਾ ਠੱਠਾ ਕਰਦਿਆਂ ਜੇ ਕਿਸੇ ਦੀ ਹਰਕਤ ਨਾਲ ਕਿਸੇ ਨੂੰ ਸੱਟ ਫ਼ੱਟ ਲੱਗ ਜਾਏ ਉਦੋਂ ਕਹਿੰਦੇ ਹਨ।
ਜੱਟ ਦੀਆਂ ਸੌ ਮਾਵਾਂ ਹੁੰਦੀਆਂ ਹਨ
ਜੱਟ ਦੂਰ ਦੁਰਾਡੇ ਜਾ ਕੇ ਵੀ ਉਥੋਂ ਦੇ ਜੱਟਾਂ ਨਾਲ ਕੋਈ ਨਾ ਕੋਈ ਰਿਸ਼ਤਾ ਕੱਢ ਲੈਂਦਾ ਹੈ ਤੇ ਸਭ ਦਾ ਰਿਸ਼ਤੇਦਾਰ ਬਣ ਜਾਂਦਾ ਹੈ।
ਜੱਟ ਦੇ ਜੌਂ ਪੱਕੇ, ਸੱਕੀ ਮਾਂ ਨੂੰ ਮਾਰੇ ਧੱਕੇ
ਜਦੋਂ ਫ਼ਸਲ ਪੱਕ ਕੇ ਤਿਆਰ ਹੋ ਜਾਏ ਉਦੋਂ ਨਸ਼ੇ ਵਿਚ ਆਇਆ ਹੋਇਆ ਮਾਂ ਦਾ ਵੀ ਨਿਰਾਦਰ ਕਰਨੋਂ ਨਹੀਂ ਟਲਦਾ।
ਜੱਟ ਨਾ ਜਾਣੇ ਗੁਣ ਕਰਾ, ਚਣਾ ਨਾ ਜਾਣੇ ਵਾਹ
ਇਸ ਆਖਾਣ ਵਿਚ ਜੱਟ ਤੇ ਛੋਲਿਆਂ ਦੇ ਲੱਛਣ ਦੱਸੇ ਗਏ ਹਨ। ਜੱਟ ਕੀਤੀ ਨੂੰ ਨਹੀਂ ਜਾਣਦਾ ਤੇ ਛੋਲਿਆਂ ਵਾਸਤੇ ਬਹੁਤੀ ਵਾਹੀ ਕਰਨ ਦੀ ਲੋੜ ਨਹੀਂ ਹੁੰਦੀ।
ਜੱਟ, ਪੱਟ (ਵੱਟ) ਤੇ ਫੱਟ ਬੱਧੇ ਹੀ ਕਾਬੂ (ਰਾਸ) ਆਉਂਦੇ ਨੇ
ਖੇਤ ਦੀ ਵੱਟ ਨਾ ਬੰਨ੍ਹੀਏ ਤਾਂ ਪਾਣੀ ਬਾਹਰ ਵਗ ਜਾਂਦਾ ਹੈ। ਫੱਟ ਤੇ ਪੱਟੀ ਨਾ ਬੰਨ੍ਹੀਏ ਤਾਂ ਖ਼ਰਾਬ ਹੋ ਜਾਂਦਾ ਹੈ, ਰੇਸ਼ਮ ਨੂੰ ਵੀ ਬੰਨ੍ਹ ਕੇ ਨਾ ਰੱਖਿਆ ਜਾਏ ਤਾਂ ਉਲਝ ਜਾਂਦਾ ਹੈ ਤੇ ਜੱਟ ਵੀ (ਕਹਿੰਦੇ ਨੇ) ਬੱਧਾ ਹੀ ਠੀਕ ਰਹਿੰਦਾ ਹੈ।
ਜੱਟ ਪੰਜ ਨਹੀਂ ਸਹਿੰਦਾ, ਪੰਜਾਹ ਸਹਿ ਲੈਂਦਾ ਹੈ
ਇਸ ਅਖਾਣ ਵਿਚ ਜੱਟ ਦੇ ਅਲਬੇਲੇ ਸੁਭਾਅ ਦਾ ਜ਼ਿਕਰ ਹੈ। ਝੱਲ ਜਾਏ ਤਾਂ ਸੌ ਗੱਲਾਂ ਝੱਲ ਜਾਏ ਤੇ ਅੜ ਬਹੇ ਤਾਂ ਇਕ ਵੀ ਨਹੀਂ ਝੱਲਦਾ।
ਜੱਟ ਫ਼ਕੀਰ ਗਲ ਗੰਢਿਆਂ ਦੀ ਮਾਲਾ
ਇਸ ਅਖਾਣ ਵਿਚ ਜੱਟ ਦੀ ਸਾਦਗੀ ਵਿਅਕਤ ਕੀਤੀ ਗਈ ਹੈ। ਜਦੋਂ ਉਸ ਦਾ ਦਿਲ ਸਾਧ ਬਣਨ ਤੇ ਆ ਗਿਆ, ਘਰੋਂ ਗੰਢੇ (ਪਿਆਜ਼) ਲੈ ਕੇ ਮਾਲਾ ਬਣਾ ਲਈ, ਕੌਣ ਮਾਲਾ ਲੈਣ ਜਾਏ।
ਜੱਟ ਭੇਲੀ ਦੇਸੀ, ਗੰਨਾ ਨਾ ਦੇਸੀ
ਜੱਟ ਗੰਨਾ ਨਹੀਂ ਦੇਂਦਾ, ਗੁੜ ਦੀ ਭੇਲੀ ਦੇ ਦੇਂਦਾ ਹੈ।
ਜੱਟ ਮਹਿਆਂ ਸੰਸਾਰ ਕਬੀਲਾ ਗਾਲਦੇ ਜਾਂ ਕੁੱਕੜ, ਕਾਂ, ਕਿਰਾੜ ਕਬੀਲਾ ਪਾਲਦੇ
ਜਦੋਂ ਕੋਈ ਬੰਦਾ ਆਪਣੇ ਹੀ ਖ਼ਾਨਦਾਨ ਜਾਂ ਜਾਤੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਰਕਤਾਂ ਕਰੇ, ਉਦੋਂ ਕਹਿੰਦੇ ਹਨ।
ਜੱਟ ਮੋਇਆ ਜਾਣੀਏ ਜਾਂ ਤੇਰ੍ਹਵਾਂ ਹੋਵੇ
ਭਾਵ ਇਹ ਹੈ ਕਿ ਜੱਟ ਇਤਨਾ ਸਖ਼ਤ-ਜਾਨ ਹੁੰਦਾ ਏ ਕਿ ਛੇਤੀ ਛੇਤੀ ਮਰ ਕੇ ਵੀ ਕਾਬੂ ਨਹੀਂ ਆਉਂਦਾ!