ਜੱਟਾ ਤੇਰੇ ਨਾਲ ਬੁਰੀ ਹੋਈ, ਬਾਹਰ ਤਾਂ ਤੇਰੇ ਛੋਲੇ ਭਿਜ ਗਏ, ਘਰ ਆਇਉਂ ਤਾਂ ਕੁੜੀ ਹੋਈ

ਜੱਟ ਦੇ ਘਰ ਪੁੱਤਰ ਜੰਮਣ ਦੀ ਬੜੀ ਖ਼ੁਸ਼ੀ ਹੁੰਦੀ ਹੈ ਕਿਉਂ ਜੋ ਪੁੱਤਰ ਬਾਂਹ ਬਣ ਕੇ ਭਾਰ ਵੰਡਾਉਂਦੇ ਹਨ। ਜਦੋਂ ਬਾਹਰ ਤਾਂ ਉਸ ਦੇ ਛੋਲੇ ਭਿੱਜ ਜਾਣ ਨਾਲ ਨੁਕਸਾਨ ਹੋ ਜਾਏ ਤੇ ਘਰ ਆਉਣ ਤੇ ਕੁੜੀ ਜੰਮਣ ਦੀ ਖ਼ਬਰ ਮਿਲੇ ਤਾਂ ਜੱਟ ਨਾਲ ਆਪ ਬੁਰੀ ਹੋਣੀ ਹੋਈ।

ਜੱਟੀ ਪਾ ਮਹੇੜੂ (ਖੱਟੀ ਲੱਸੀ ਸਮੇਤ ਘਿਉ) ਆਂਦਾ ਠਾਕਰ ਚਾੜ੍ਹੀ ਵੱਟੀ (ਨਕਲੀ ਤੋਲ) ਜੱਟੀ ਜਾਤਾ ਠਾਕੁਰ ਮੁੱਠਾ ਠਾਕਰ ਜਾਤਾ ਜੱਟੀ, ਨਾ ਮੁੱਠਾ ਠਾਕਰ ਨਾ ਮੁੱਠੀ ਜੱਟੀ, ਸੌਦਾ ਵੱਟੋ ਵੱਟੀ

ਜਦੋਂ ਟਾਕਰੇ ਤੇ ਦੋਵੇਂ ਧਿਰਾਂ ਇਕ ਤੋਂ ਇਕ ਵਧ ਚਲਾਕ ਤੇ ਹੁਸ਼ਿਆਰ ਹੋਣ ਉਦੋਂ ਕਹਿੰਦੇ ਹਨ।

ਜਾਗਦੇ ਦਾ ਲੱਖ ਤੇ ਸੁੱਤੇ ਦਾ ਕੱਖ

ਜਿਹੜੇ ਆਦਮੀ ਹੁਸ਼ਿਆਰ ਤੇ ਸੋਘੇ ਰਹਿੰਦੇ ਹਨ, ਆਪਣੇ ਕਾਰ-ਵਿਹਾਰ ਦਾ ਆਪ ਧਿਆਨ ਰੱਖਦੇ ਹਨ, ਉਹ ਨਫੇ ਵਿਚ ਰਹਿੰਦੇ ਹਨ,ਜਿਹੜੇ ਅਣਗਹਿਲੀ ਕਰਦੇ ਹਨ, ਉਹ ਨੁਕਸਾਨ ਉਠਾਉਂਦੇ ਹਨ।